ਜਗਤਾਰ ਸਿੰਘ ਲਾਂਬਾ

ਅੰੰਮ੍ਰਿਤਸਰ, 18 ਅਪਰੈਲ

ਭਾਰਤ-ਪਾਕਿਸਤਾਨ ਵਿਚਾਲੇ ਹੋਈ ਵੰਡ ਦੇ 74 ਸਾਲ ਬਾਅਦ ਅੰਮ੍ਰਿਤਸਰ ਵਾਸੀ ਸੁਖਪਾਲ ਸਿੰਘ ਦੇ ਪਰਿਵਾਰ ਨੇ ਪਾਕਿਸਤਾਨ ਵਿੱਚ ਰਹਿੰਦੇ ਸ਼ਕੀਲ ਦੇ ਪਰਿਵਾਰ ਨਾਲ ਗੁਰਦੁਆਰਾ ਕਰਤਾਰਪੁਰ ਵਿੱਚ ਮੁਲਾਕਾਤ ਕੀਤੀ ਹੈ। ਦੇਸ਼ ਵੰਡ ਵੇਲੇ ਭਾਰਤ ਰਹਿੰਦੇ ਸੁਖਪਾਲ ਦੇ ਵਡੇਰਿਆਂ ਨੇ ਸ਼ਕੀਲ ਦੇ ਵਡੇਰਿਆਂ ਨੂੰ ਬਚਾਇਆ ਸੀ ਅਤੇ ਸੁਰੱਖਿਅਤ ਪਾਕਿਸਤਾਨ ਭੇਜਿਆ ਸੀ।

ਇਨ੍ਹਾਂ ਦੋਵਾਂ ਪਰਿਵਾਰਾਂ ਦਾ ਇਹ ਆਪਸੀ ਸੰਪਰਕ ਅਬੂ ਧਾਬੀ ਵਿੱਚ ਮੁੜ ਬਣਿਆ ਸੀ। ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਮਿਲਣ ਲਈ ਦਿਨ ਨਿਰਧਾਰਿਤ ਕੀਤਾ ਸੀ। ਦੋਵਾਂ ਪਰਿਵਾਰਾਂ ਦੇ ਜੀਆਂ ਨੇ ਗੁਰਦੁਆਰੇ ਵਿੱਚ ਕੁਝ ਸਮਾਂ ਬਿਤਾਇਆ ਅਤੇ ਇਕੱਠੇ ਲੰਗਰ ਵੀ ਛਕਿਆ। ਸੁਖਪਾਲ ਸਿੰਘ ਨੇ ਪੋਟਲੀ ਵਿੱਚ ਬੰਨ੍ਹ ਕੇ ਲਿਆਂਦੀ ਆਪਣੇ ਪਿੰਡ ਦੀ ਮਿੱਟੀ ਅਤੇ ਇਕ ਬੋਤਲ ਪਾਣੀ ਸ਼ਕੀਲ ਨੂੰ ਸੌਂਪਿਆ ਹੈ, ਜਿਸ ਨੂੰ ਕਿ ਉਹ ਸਿਜਦਾ ਕਰਨਾ ਚਾਹੁੰਦਾ ਸੀ।

ਸੁਖਪਾਲ ਸਿੰਘ ਨੇ ਦੱਸਿਆ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਪਿੰਡ ਸੈਦਪੁਰ ਵਿੱਚ ਰਹਿੰਦਾ ਸੀ। ਉਸ ਦੇ ਪੜਦਾਦਾ ਹੀਰਾ ਸਿੰਘ ਅਤੇ ਦਾਦਾ ਊਧਮ ਸਿੰਘ ਨੇ ਦੇਸ਼ ਦੀ ਵੰਡ ਵੇਲੇ ਕਈ ਪਰਿਵਾਰਾਂ ਦੀ ਮਦਦ ਕੀਤੀ ਸੀ। ਇਹ ਮੁਸਲਿਮ ਪਰਿਵਾਰ ਉਸ ਵੇਲੇ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਸਨ, ਜਿਨ੍ਹਾਂ ਵਿਚੋਂ ਸਿਰਾਜ ਵੀ ਇਕ ਸੀ। ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਜਦੋਂ ਹਮਲਾ ਕੀਤਾ ਤਾਂ ਉਸ ਦੇ ਵਡੇਰਿਆਂ ਨੇ ਕਈ ਮੁਸਲਿਮ ਪਰਿਵਾਰਾਂ ਦੇ ਜੀਆਂ ਨੂੰ ਆਪਣੇ ਘਰ ਵਿੱਚ ਲੁਕਾ ਲਿਆ ਸੀ। ਬਾਅਦ ਵਿੱਚ ਹਾਲਾਤ ਠੀਕ ਹੋਣ ’ਤੇ ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ ਸੀ। ਉਸ ਵੇਲੇ ਹੀ ਸਿਰਾਜ ਜੋ ਕਿ ਬੁਰੀ ਤਰ੍ਹਾਂ ਜ਼ਖ਼ਮੀ ਸੀ, ਨੂੰ ਹਮਲਾਵਰ ਮਰਿਆ ਸਮਝ ਕੇ ਛੱਡ ਗਏ ਸਨ। ਉਸ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਦਾ ਡੂੰਘਾ ਜ਼ਖ਼ਮ ਸੀ। ਉਸ ਵੇਲੇ ਪਰਿਵਾਰ ਦੇ ਵਡੇਰਿਆਂ ਨੇ ਸਿਰਾਜ ਦੀ ਦੇਖ਼ਭਾਲ ਕੀਤੀ ਅਤੇ ਉਸ ਦੀ ਜਾਨ ਬਚਾਈ ਸੀ।

ਘਟਨਾ ਤੋਂ ਲਗਪਗ ਇਕ ਮਹੀਨੇ ਤੋਂ ਬਾਅਦ ਕਿਸੇ ਢੰਗ ਤਰੀਕੇ ਨਾਲ ਉਸ ਨੂੰ ਪਾਕਿਸਤਾਨ ਭੇਜ ਦਿੱਤਾ ਅਤੇ ਮੁੜ ਉਸ ਨਾਲ ਸੰਪਰਕ ਨਹੀਂ ਹੋ ਸਕਿਆ ਸੀ। ਸੁਖਪਾਲ ਨੇ ਦੱਸਿਆ ਕਿ ਉਸ ਦੇ ਪੜਦਾਦਾ ਤੇ ਦਾਦਾ ਦੋਵਾਂ ਦੀ ਮੌਤ ਹੋ ਚੁੱਕੀ ਹੈ ਪਰ ਉਹ ਉਨ੍ਹਾਂ ਵੱਲੋਂ ਬਚਾਏ ਮੁਸਲਿਮ ਪਰਿਵਾਰ ਦੇ ਮੈਂਬਰਾਂ ਨੂੰ ਮਿਲ ਕੇ ਬਹੁਤ ਖ਼ੁਸ਼ ਹੈ।

Source link