ਨਵੀਂ ਦਿੱਲੀ: ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ’ਤੇ ਜਿਨਸੀ ਸ਼ੋਸ਼ਣ ਤੇ ਛੇੜਛਾੜ ਦੇ ਦੋਸ਼ ਲਾਉਣ ਵਾਲੇ ਪਹਿਲਵਾਨਾਂ ਨੇ ਅੱਜ ਅਫ਼ਸੋਸ ਜਤਾਇਆ ਕਿ ਸਰਕਾਰ ਨੇ ਖੇਡ ਪ੍ਰਸ਼ਾਸਕ ਖਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ ਨਿਗਰਾਨ ਕਮੇਟੀ ਬਣਾਉਣ ਤੋਂ ਪਹਿਲਾਂ ਉਨ੍ਹਾਂ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ। ਚੇਤੇ ਰਹੇ ਕਿ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਪੰਜ ਮੈਂਬਰੀ ਨਿਗਰਾਨ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ। ਓਲੰਪਿਕ ਤਗ਼ਮਾ ਜੇਤੂ ਮੁੱਕੇਬਾਜ਼ੀ ਐੱਮ.ਸੀ.ਮੇਰੀਕੌਮ ਦੀ ਅਗਵਾਈ ਵਾਲੀ ਇਹ ਕਮੇਟੀ ਡਬਲਿਊਐੱਫਆਈ ਮੁਖੀ ਖਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਤੋਂ ਇਲਾਵਾ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਰੋਜ਼ਮੱਰ੍ਹਾ ਦੇ ਕੰਮਕਾਜ ਨੂੰ ਵੀ ਵੇਖੇਗੀ। ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਰੌਸ਼ਨੀ ਵਿੱਚ ਡਬਲਿਊਐੱਫਆਈ ਮੁਖੀ ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਤਿੰਨ ਦਿਨਾਂ ਤੱਕ ਜੰਤਰ ਮੰਤਰ ’ਤੇ ਧਰਨਾ ਦੇਣ ਵਾਲੇ ਪਹਿਲਵਾਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ, ਸਰਿਤਾ ਮੋਰ ਤੇ ਸਾਕਸ਼ੀ ਮਲਿਕ ਨੇ ਅੱਜ ਮਾਈਕਰੋ-ਬਲੌਗਿੰਗ ਸਾਈਟ ’ਤੇ ਮਿਲਦੇ ਜੁਲਦੇ ਟਵੀਟ ਕਰਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਪਹਿਲਵਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਟੈਗ ਕੀਤੇ ਟਵੀਟ ਵਿੱਚ ਕਿਹਾ, ‘‘ਸਾਨੂੰ ਯਕੀਨ ਦਿਵਾਇਆ ਗਿਆ ਸੀ ਕਿ ਨਿਗਰਾਨ ਕਮੇਟੀ ਦੇ ਗਠਨ ਤੋਂ ਪਹਿਲਾਂ ਸਾਡੇ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਸਾਡੇ ਨਾਲ ਕੋਈ ਸਲਾਹ ਨਾ ਕਰਨੀ, ਸੱਚਮੁੱਚ ਦੁਖਦਾਈ ਹੈ।’’ ਇਸ ਨਿਗਰਾਨ ਕਮੇਟੀ ਵਿੱਚ ਸਾਬਕਾ ਪਹਿਲਵਾਨ ਯੋਗੇਸ਼ਵਰ ਦੱਤ, ਸਾਬਕਾ ਬੈਡਮਿੰਟਨ ਖਿਡਾਰੀ ਤੇ ਮਿਸ਼ਨ ਓਲੰਪਿਕ ਸੈੱਲ ਦੇ ਮੈਂਬਰ ਤਰੁਪਤੀ ਮੁਰਗੁੰਡੇ, ਟੌਪਸ ਦੇ ਸਾਬਕਾ ਸੀਈਓ ਰਾਜਾਗੋਪਾਲਨ ਤੇ ਸਾਈ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ (ਟੀਮਾਂ) ਰਾਧਿਕਾ ਸ੍ਰੀਮਾਨ ਮੈਂਬਰ ਵਜੋਂ ਸ਼ਾਮਲ ਹਨ। ਪਹਿਲਵਾਨਾਂ ਨੇ ਬ੍ਰਿਜ ਭੂਸ਼ਨ ਸ਼ਰਨ ਸਿੰਘ, ਜੋ ਭਾਜਪਾ ਦੇ ਸੰਸਦ ਮੈਂਬਰ ਵੀ ਹਨ, ਉੱਤੇ ਤਾਨਾਸ਼ਾਹੀ ਰਵੱਈਆ ਅਪਣਾਉਣ ਤੇ ਜੂਨੀਅਰ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ। ਪਹਿਲਵਾਨਾਂ ਨੇ ਹਾਲਾਂਕਿ ਪੀੜਤ ਅਥਲੀਟਾਂ ਦੀ ਪਛਾਣ ਨਹੀਂ ਦੱਸੀ। -ਪੀਟੀਆਈ

Source link