ਪੱਤਰ ਪ੍ਰੇਰਕ

ਸ੍ਰੀ ਆਨੰਦਪੁਰ ਸਾਹਿਬ, 21 ਨਵੰਬਰ

ਪਿੰਡ ਚੰਦਪੁਰ ਬੇਲਾ ਵਿੱਚ 21ਵਾਂ ਕਬੱਡੀ ਕੱਪ ਕਰਵਾਇਆ ਗਿਆ। ਕਬੱਡੀ ਕੱਪ ਵਿੱਚ ਸ਼ਿਰਕਤ ਕਰਦਿਆਂ ਸੰਸਦ ਮੈਂਬਰ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਖੇਡਾਂ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਸਹਾਈ ਹੁੰਦੀਆਂ ਹਨ| ਸੰਤ ਬਾਬਾ ਸੇਵਾ ਸਿੰਘ, ਸੰਤ ਬਾਬਾ ਭਾਗ ਸਿੰਘ, ਸੰਤ ਬਾਬਾ ਲਾਭ ਸਿੰਘ, ਸੰਤ ਬਾਬਾ ਹਰਭਜਨ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ ਕਬੱਡੀ ਕੱਪ ਵਿੱਚ ਕੁੱਲ 18 ਟੀਮਾਂ ਨੇ ਭਾਗ ਲਿਆ। ਇਨ੍ਹਾਂ ਵਿੱਚੋਂ 65 ਕਿਲੋ ਭਾਰ ਵਰਗ ਵਿੱਚ ਚੰਦਪੁਰ ਬੇਲਾ ਦੀ ਟੀਮ ਪਹਿਲੇ ਅਤੇ ਸ੍ਰੀ ਚਮਕੌਰ ਸਾਹਿਬ ਦੀ ਟੀਮ ਦੂਜੇ ਸਥਾਨ ’ਤੇ ਰਹੀ।

ਪਿੰਡ ਪੱਧਰ ’ਤੇ ਹੋਏ ਆਲਓਪਨ ਟੂਰਨਾਮੈਂਟ ਵਿੱਚ 8 ਟੀਮਾਂ ਨੇ ਭਾਗ ਲਿਆ ਅਤੇ ਮੌਲੀ ਬੈਦਵਾਨ ਦੀ ਟੀਮ ਪਹਿਲੇ ਅਤੇ ਖੇੜੀ ਗੁੱਜਰਾਂ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸ ਤਰ੍ਹਾਂ, ਰੱਸਾ-ਕਸ਼ੀ ਵਿੱਚ ਕੁੱਲ 6 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਸ਼ਾਹਪੁਰ ਬੇਲਾ ਪਹਿਲੇ ਅਤੇ ਚੰਦਪੁਰ ਬੇਲਾ ਦੂਜੇ ਸਥਾਨ ’ਤੇ ਰਿਹਾ। ਇਸ ਦੌਰਾਨ ਸੰਸਦ ਮੈਂਬਰ ਤਿਵਾੜੀ ਨੇ ਖੇਡਾਂ ਕਰਵਾਉਣ ’ਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਤੇ ਪਿੰਡ ਦੇ ਵਿਕਾਸ ਲਈ 3 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।

ਬਨੂੜ (ਪੱਤਰ ਪ੍ਰੇਰਕ): ਪਿੰਡ ਬਠਲਾਣਾ ਦੀ ਪਿੰਡ ਸੁਧਾਰ ਕਮੇਟੀ ਵੱਲੋਂ ਕਰਾਏ ਗਏ ਪੰਜਵੇਂ ਖੇਡ ਮੇਲੇ ਵਿੱਚ ਹੋਏ ਓਪਨ ਕਬੱਡੀ ਦੇ ਮੁਕਾਬਲੇ ਵਿੱਚ ਬਨੂੜ ਨੇ ਮਨਾਣਾ ਨੂੰ ਹਰਾ ਕੇ 31 ਹਜ਼ਾਰ ਦਾ ਨਕਦ ਇਨਾਮ ਜਿੱਤਿਆ। ਉੱਪ ਜੇਤੂ ਟੀਮ ਨੂੰ 21 ਹਜ਼ਾਰ ਦਾ ਇਨਾਮ ਦਿੱਤਾ ਗਿਆ। ਕਬੱਡੀ ਓਪਨ ਵਿੱਚ 60 ਦੇ ਕਰੀਬ ਟੀਮਾਂ ਨੇ ਭਾਗ ਲਿਆ। ਕਬੱਡੀ ਖਿਡਾਰੀ ਬਿੰਦਰ ਨੂੰ ਬੈਸਟ ਜਾਫ਼ੀ ਅਤੇ ਬੰਟੀ ਨੂੰ ਬੈਸਟ ਰੇਡਰ ਚੁਣਿਆ ਗਿਆ। ਕਬੱਡੀ ਦੇ 60 ਕਿਲੋ ਵਰਗ ਵਿੱਚ ਬੁਆਣੀ (ਲੁਧਿਆਣਾ) ਨੇ ਪਹਿਲਾ ਅਤੇ ਢਪਈ(ਮਾਨਸਾ) ਨੇ ਦੂਜਾ ਸਥਾਨ ਹਾਸਿਲ ਕੀਤਾ। ਸੱਤਰ ਸਾਲਾ ਵਰਗ ਦੇ ਬਜ਼ੁਰਗਾਂ ਦੀ ਦੌੜ ਵਿੱਚ ਅਮਰੀਕ ਸਿੰਘ ਅਬਰਾਵਾਂ ਫ਼ਸਟ ਅਤੇ ਅਮਰੀਕ ਸਿੰਘ ਮਾਵੀ ਦੋਇਮ ਰਹੇ। ਜੇਤੂਆਂ ਨੂੰ ਇਨਾਮਾਂ ਦੀ ਵੰਡ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਕੌਂਸਲਰ ਸਰਬਜੀਤ ਸਿੰਘ ਨੇ ਕੀਤੀ।

Source link