ਮੀਰਪੁਰ: ਭਾਰਤੀ ਤੇਜ਼ ਗੇਂਦਬਾਜ਼ ਜੈਦੇਵ ਓਨਾਦਕਟ ਨੇ ਅੱਜ ਇੱਥੇ ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਦੌਰਾਨ ਮੈਦਾਨ ਵਿੱਚ ਉੱਤਰਦਿਆਂ ਹੀ ਇੱਕ ਅਨੋਖਾ ਰਿਕਾਰਡ ਬਣਾਇਆ ਹੈ। ਉਹ ਸਭ ਤੋਂ ਵੱਧ ਟੈਸਟ ਮੈਚਾਂ ਵਿੱਚ ਬਾਹਰ ਰਹਿਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ। ਓਨਾਦਕਟ ਨੇ 12 ਸਾਲ ਪਹਿਲਾਂ 16 ਦਸੰਬਰ, 2010 ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਸੈਂਚੁਰੀਅਨ ਵਿੱਚ ਟੈਸਟ ਕ੍ਰਿਕਟ ਨਾਲ ਸ਼ੁਰੂਆਤ ਕੀਤੀ ਸੀ। ਇਸ ਮਗਰੋਂ ਹੁਣ ਉਸ ਨੇ 118 ਟੈਸਟ ਮੈਚਾਂ ਵਿੱਚੋਂ ਬਾਹਰ ਰਹਿਣ ਮਗਰੋਂ ਟੀਮ ਵਿੱਚ ਵਾਪਸੀ ਕੀਤੀ ਹੈ। ਓਨਾਦਕਟ ਵਿਸ਼ਵ ਕ੍ਰਿਕਟ ਵਿੱਚ ਸਭ ਤੋਂ ਵੱਧ ਟੈਸਟ ਮੈਚਾਂ ਤੋਂ ਬਾਹਰ ਰਹਿਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਦੂਜੇ ਨੰਬਰ ’ਤੇ ਆ ਗਿਆ ਹੈ। ਵਿਸ਼ਵ ਰਿਕਾਰਡ ਇੰਗਲੈਂਡ ਦੇ ਗੈਰੇਥ ਬੈਟੀ ਦੇ ਨਾਂ ’ਤੇ ਹੈ, ਜਿਸ ਨੂੰ ਦੋ ਟੈਸਟ ਮੈਚਾਂ ਵਿਚਾਲੇ 142 ਮੈਚਾਂ ਦੀ ਉਡੀਕ ਕਰਨੀ ਪਈ ਸੀ। ਓਨਾਦਕਟ ਨੂੰ ਸਪਿੰਨਰ ਕੁਲਦੀਪ ਯਾਦਵ ਦੀ ਥਾਂ ’ਤੇ ਟੀਮ ਵਿੱਚ ਰੱਖਿਆ ਗਿਆ ਹੈ। ਕਰੀਅਰ ਦਾ ਦੂਜਾ ਟੈਸਟ ਮੈਚ ਖੇਡ ਰਹੇ ਓਨਾਦਕਟ ਨੇ ਅੱਜ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਜ਼ਾਕਿਰ ਹਸਨ ਦੀ ਵਿਕਟ ਲਈ। -ਪੀਟੀਆਈ

ਬੰਗਲਾਦੇਸ਼ ਦੀ ਟੀਮ 227 ਦੌੜਾਂ ’ਤੇ ਢੇਰ

ਉਮੇਸ਼ ਯਾਦਵ ਤੇ ਰਵੀਚੰਦਰਨ ਅਸ਼ਵਿਨ ਨੇ ਚਾਰ-ਚਾਰ ਵਿਕਟਾਂ ਹਾਸਲ ਕਰਕੇ ਬੰਗਲਾਦੇਸ਼ ਨੂੰ ਅੱਜ ਇੱਥੇ ਦੂਜੇ ਟੈਸਟ ਕ੍ਰਿਕਟ ਮੈਚ ਦੀ ਪਹਿਲੀ ਪਾਰੀ ’ਚ 227 ਦੌੜਾਂ ’ਤੇ ਆਊਟ ਕਰ ਦਿੱਤਾ ਤੇ ਇਸ ਦੇ ਜਵਾਬ ਵਿੱਚ ਭਾਰਤ ਨੇ ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਬਿਨਾਂ ਕਿਸੇ ਨੁਕਸਾਨ ਦੇ 19 ਦੌੜਾਂ ਬਣਾ ਲਈਆਂ ਸਨ। ਬੰਗਲਾਦੇਸ਼ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਪਰ ਮੋਮਿਨੁਲ ਹੱਕ ਨੂੰ ਛੱਡ ਕੇ ਉਸ ਕੋਈ ਵੀ ਬੱਲੇਬਾਜ਼ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ’ਚ ਤਬਦੀਲ ਨਾ ਕਰ ਸਕਿਆ। ਮੋਮਿਨੁਲ ਹੱਕ ਨੇ 157 ਗੇਂਦਾਂ ’ਤੇ 12 ਚੌਕਿਆਂ ਤੇ ਇੱਕ ਛਿੱਕੇ ਦੀ ਮਦਦ ਨਾਲ 84 ਦੌੜਾਂ ਬਣਾਈਆਂ। ਭਾਰਤ ਵੱਲੋਂ ਉਮੇਸ਼ ਨੇ 25 ਦੌੜਾਂ ਦੇ ਕੇ ਚਾਰ ਅਸ਼ਵਿਨ ਨੇ 71 ਦੌੜਾਂ ਦੇ ਕੇ 4 ਅਤੇ 12 ਸਾਲ ਬਾਅਦ ਟੈਸਟ ’ਚ ਵਾਪਸੀ ਕਰਨ ਵਾਲੇ ਜੈਦੇਵ ਉਨਾਦਕਟ ਨੇ 50 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਦਿਨ ਦੀ ਖੇਡ ਮੁੱਕਣ ਤੱਕ ਸ਼ੁਭਮਨ ਗਿੱਲ 14 ਤੇ ਕੇਐੱਲ ਰਾਹੁਲ 3 ਦੌੜਾਂ ਬਣਾ ਕੇ ਖੇਡ ਰਹੇ ਸੀ।

Source link