ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 22 ਦਸੰਬਰ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਦੀ ਬਾਰ੍ਹਵੀਂ ਜਮਾਤ ਦੇ ਪ੍ਰੈਕਟੀਕਲ ਜਨਵਰੀ ਵਿੱਚ ਸ਼ੁਰੂ ਹੋ ਰਹੇ ਹਨ ਤੇ ਜੇਈਈ ਮੇਨਜ਼ ਦੀ ਪ੍ਰੀਖਿਆ ਵੀ ਜਨਵਰੀ ਵਿੱਚ ਹੋ ਰਹੀ ਹੈ। ਇਹ ਦੋਵੇਂ ਪ੍ਰੀਖਿਆਵਾਂ ਇਕੱਠੀਆਂ ਆਉਣ ਕਾਰਨ ਐੱਨਸੀਪੀਸੀਆਰ ਦੀ ਚੇਅਰਪਰਸਨ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਜੇਈਈ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ। ਇਸ ਤੋਂ ਇਲਾਵਾ ਐੱਨਟੀਏ ਨੇ ਸਰਕੁਲਰ ਜਾਰੀ ਕਰ ਕੇ ਕਿਹਾ ਹੈ ਕਿ ਜੇਈਈ ਦੀ ਪ੍ਰੀਖਿਆ ਸਿਰਫ ਉਹ ਵਿਦਿਆਰਥੀ ਹੀ ਦੇ ਸਕਦੇ ਹਨ, ਜਿਨ੍ਹਾਂ ਨੇ ਬਾਰ੍ਹਵੀਂ ਜਮਾਤ ਵਿੱਚ 75 ਫੀਸਦ ਅੰਕ ਹਾਸਲ ਕੀਤੇ ਹੋਣਗੇ। ਐੱਨਸੀਪੀਸੀਆਰ ਦੀ ਚੇਅਰਪਰਸਨ ਨੇ ਐਨਟੀਏ ਨੂੰ ਕਿਹਾ ਹੈ ਕਿ ਉਹ ਜੇਈਈ ਪ੍ਰੀਖਿਆ ਵਿੱਚ ਬੈਠਣ ਲਈ 75 ਫੀਸਦੀ ਦੀ ਸ਼ਰਤ ਹਟਾਉਣ। ਉਨ੍ਹਾਂ ਕਿਹਾ ਕਿ ਕਈ ਵਿਦਿਆਰਥੀ ਮੁੜ ਤਿਆਰੀ ਕਰ ਕੇ ਬਾਰ੍ਹਵੀਂ ਦੀ ਪ੍ਰੀਖਿਆ ਸਾਲ ਦੇ ਗੈਪ ਕਾਰਨ ਦੇ ਰਹੇ ਹਨ ਤੇ ਉਨ੍ਹਾਂ ਦੇ 75 ਫੀਸਦੀ ਅੰਕ ਆਉਣ ਦੀ ਸ਼ਰਤ ਵਾਜਬ ਨਹੀਂ ਹੈ। ਜਾਣਕਾਰੀ ਅਨੁਸਾਰ ਜੇਈਈ ਮੇਨਜ਼ ਦੀ ਪਹਿਲੇ ਪੜਾਅ ਦੀ ਪ੍ਰੀਖਿਆ 24 ਤੋਂ 31 ਜਨਵਰੀ ਦਰਮਿਆਨ ਹੋਣੀ ਹੈ ਜਦਕਿ ਐਨਟੀਏ ਨੇ ਐਲਾਨ ਕੀਤਾ ਹੈ ਕਿ ਦੂਜੇ ਪੜਾਅ ਦੀ ਪ੍ਰੀਖਿਆ 6 ਤੋਂ 12 ਅਪਰੈਲ ਨੂੰ ਹੋਵੇਗੀ। ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਜੇਈਈ ਮੇਨਜ਼ ਦੀ ਪਹਿਲੇ ਪੜਾਅ ਦੀ ਪ੍ਰੀਖਿਆ ਦੌਰਾਨ ਹੀ ਬਾਰ੍ਹਵੀਂ ਜਮਾਤ ਦੇ ਪ੍ਰੈਕਟੀਕਲ ਹਨ। ਉਨ੍ਹਾਂ ਕਿਹਾ ਕਿ ਐਨਟੀਏ ਵਲੋਂ ਪਿਛਲੇ ਸਾਲ ਜੇਈਈ ਦੀ ਪ੍ਰੀਖਿਆ ਦੀ ਸਮਾਂ ਸਾਰਣੀ ਚਾਰ ਮਹੀਨੇ ਪਹਿਲਾਂ ਐਲਾਨੀ ਸੀ ਪਰ ਇਸ ਵਾਰ ਸਿਰਫ ਇਕ ਮਹੀਨਾ ਪਹਿਲਾਂ ਹੀ ਪ੍ਰੀਖਿਆ ਹੋਣ ਬਾਰੇ ਸੂਚਿਤ ਕੀਤਾ ਗਿਆ ਜਿਸ ਕਾਰਨ ਵਿਦਿਆਰਥੀਆਂ ਨੂੰ ਤਿਆਰੀ ਕਰਨ ਦਾ ਸਮਾਂ ਵੀ ਨਹੀਂ ਮਿਲਿਆ। 

Source link