Ad - Web Hosting from SiteGround - Crafted for easy site management. Click to learn more.

ਇਸਲਾਮਾਬਾਦ/ਲਾਹੌਰ, 11 ਫਰਵਰੀ

ਆਮ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਮਿਲਣ ਮਗਰੋਂ ਪਾਕਿਸਤਾਨ ਦੀਆਂ ਤਿੰਨ ਮੁੱਖ ਸਿਆਸੀ ਪਾਰਟੀਆਂ ਨੇ ਗੱਠਜੋੜ ਸਰਕਾਰ ਦੇ ਗਠਨ ਲਈ ਕੋੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਪਾਕਿਸਤਾਨ ਚੋਣ ਕਮਿਸ਼ਨ ਵੱਲੋਂ ਵੀਰਵਾਰ ਨੂੰ ਹੋਈਆਂ ਆਮ ਚੋਣਾਂ ਲਈ ਅੱਜ ਐਲਾਨੇ ਫਾਈਨਲ ਨਤੀਜੇ ਵਿਚ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੀ ਹਮਾਇਤ ਵਾਲੇ ਆਜ਼ਾਦ ਉਮੀਦਵਾਰ ਕੌਮੀ ਅਸੈਂਬਲੀ ਦੀਆਂ 101 ਸੀਟਾਂ ਜਿੱਤਣ ਵਿਚ ਸਫ਼ਲ ਰਹੇ ਹਨ। ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਦੀ ਪਾਰਟੀ ਪੀਐੱਮਐੱਲ-ਐੱਨ 75 ਸੀਟਾਂ ਨਾਲ ਤਕਨੀਕੀ ਤੌਰ ’ਤੇ ਸੰਸਦ ਵਿਚ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਬਿਲਾਵਲ ਜ਼ਰਦਾਰੀ ਭੁੱਟੋ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) 54 ਸੀਟਾਂ ਨਾਲ ਕਿੰਗ ਮੇਕਰ ਦੀ ਸਥਿਤੀ ਵਿਚ ਹੈ। ਕਰਾਚੀ ਆਧਾਰਿਤ ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ (ਐੱਮਕਿਊਐੱਮ-ਪੀ) 17 ਸੀਟਾਂ ਤੇ ਹੋਰ ਛੋਟੀਆਂ ਪਾਰਟੀਆਂ ਨੇ 12 ਸੀਟਾਂ ਜਿੱਤੀਆਂ ਹਨ। ਸਰਕਾਰ ਬਣਾਉਣ ਵਾਸਤੇ ਕਿਸੇ ਵੀ ਪਾਰਟੀ ਲਈ ਕੌਮੀ ਅਸੈਂਬਲੀਆਂ ਦੀਆਂ 265 ਸੀਟਾਂ(ਜਿਨ੍ਹਾਂ ਲਈ ਸਿੱਧੀ ਚੋਣ ਹੁੰਦੀ ਹੈ) ਵਿਚੋਂ 133 ਸੀਟਾਂ ’ਤੇ ਜਿੱਤ ਜ਼ਰੂਰੀ ਹੈ।

ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸੁਪਰੀਮੋ ਨਵਾਜ਼ ਸ਼ਰੀਫ, ਜਿਨ੍ਹਾਂ ਨੂੰ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਦੀ ਹਮਾਇਤ ਹੈ, ਨੇ ਸ਼ਨਿਚਰਵਾਰ ਨੂੰ ਆਜ਼ਾਦ ਉਮੀਦਵਾਰਾਂ ਸਣੇ ਹੋਰਨਾਂ ਪਾਰਟੀਆਂ ਨੂੰ ਗੱਠਜੋੜ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀ ਤਾਂ ਕਿ ਪਾਕਿਸਤਾਨ ਨੂੰ ਇਸ ਦੀਆਂ ਮੌਜੂਦਾ ਮੁਸ਼ਕਲਾਂ ’ਚੋਂ ਕੱਢਿਆ ਜਾ ਸਕੇ। ਪੀਐੱਮਐੱਲ-ਐੱਨ ਆਗੂਆਂ ਨੇ ਅੱਜ ਲਾਹੌਰ ਵਿੱਚ ਐੱਮਕਿਊਐੱਮ-ਪੀ ਆਗੂਆਂ ਨਾਲ ਬੈਠਕ ਕੀਤੀ। ਇਕ ਘੰਟੇ ਦੇ ਕਰੀਬ ਚੱਲੀ ਮੀਟਿੰਗ ਮਗਰੋਂ ਉਨ੍ਹਾਂ ਅਗਾਮੀ ਸਰਕਾਰ ਵਿੱਚ ਮਿਲ ਕੇ ਕੰਮ ਕਰਨ ਲਈ ‘ਸਿਧਾਂਤਕ ਸਹਿਮਤੀ’ ਬਣਾਈ ਹੈ। ਸ਼ਰੀਫ਼ ਦੀ ਪਾਰਟੀ ਨੇ ਇਕ ਬਿਆਨ ਵਿਚ ਕਿਹਾ, ‘ਅਸੀਂ ਦੇਸ਼ ਤੇ ਲੋਕ ਹਿੱਤ ਲਈ ਮਿਲ ਕੇ ਕੰਮ ਕਰਾਂਗੇ।’’ ਬਿਆਨ ਮੁਤਾਬਕ ਦੋਵਾਂ ਧਿਰਾਂ ਨੇ ਬੁਨਿਆਦੀ ਨੁਕਤਿਆਂ ਨੂੰ ਲੈ ਕੇ ਸਹਿਮਤੀ ਬਣਾਈ ਹੈ। ਐੱਮਕਿਊਐੱਮ-ਪੀ ਦੇ ਹੈਦਰ ਰਿਜ਼ਵੀ ਨੇ ਜੀਓ ਨਿਊਜ਼ ਨੂੰ ਇਕ ਇੰਟਰਵਿਊ ਵਿਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੀਐੱਮਐੱਲ-ਐੱਨ ਨਾਲ ਵਧੇਰੇ ਸੌਖ ਮਹਿਸੂਸ ਕਰਦੀ ਹੈ ਕਿਉਂਕਿ ‘ਦੋਵੇਂ ਪਾਰਟੀਆਂ ਕਰਾਚੀ ਵਿੱਚ ਇਕ ਦੂਜੇ ਖਿਲਾਫ਼ ਨਹੀਂ ਖੜ੍ਹੀਆਂ’ ਜਿਵੇਂ ਕਿ ਪੀਪੀਪੀ ਜਾਂ ਹੋਰ ਪਾਰਟੀਆਂ ਹਨ।

ਉਧਰ ਪੀਐੱਮਐੱਲ-ਐੱਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੇ ਸ਼ੁੱਕਰਵਾਰ ਰਾਤ ਨੂੰ ਸੀਨੀਅਰ ਪੀਪੀਪੀ ਆਗੂਆਂ ਆਸਿਫ਼ ਅਲੀ ਜ਼ਰਦਾਰੀ ਤੇ ਬਿਲਾਵਲ ਭੁੱਟੋ ਨਾਲ ਮੁਲਾਕਾਤ ਕਰਕੇ ਭਵਿੱਖੀ ਗੱਠਜੋੜ ਬਾਰੇ ਵਿਚਾਰ ਚਰਚਾ ਕੀਤੀ ਸੀ। ਸ਼ਾਹਬਾਜ਼ ਨੇ ਪਾਰਟੀ ਆਗੂਆਂ ਨੂੰ ਦੱਸਿਆ ਕਿ ਪੀਪੀਪੀ ਆਗੂ ਆਸਿਫ਼ ਜ਼ਰਦਾਰੀ ਨੇ ਪੀਐੱਮਐੱਲ-ਐੱਨ ਨੂੰ ਹਮਾਇਤ ਦੇਣ ਲਈ ਪੀਪੀਪੀ ਚੇਅਰਮੈਨ ਬਿਲਾਵਲ ਲਈ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਇਲਾਵਾ ਪ੍ਰਮੁੱਖ ਮੰਤਰਾਲਿਆਂ ਮੰਗੇ ਹਨ। ਪਾਰਟੀ ਸੂਤਰਾਂ ਨੇ ਕਿਹਾ ਕਿ ਜ਼ਰਦਾਰੀ ਨਾਲ ਮਿਲ ਕੇ ਸਰਕਾਰ ਬਣਾਉਣਾ ਪੀਐੱਮਐੱਲ-ਐੱਨ ਲਈ ਪਹਿਲਾ ਬਦਲ ਸੀ, ਪਰ ਪਾਰਟੀ ਪ੍ਰਧਾਨ ਮੰਤਰੀ ਦਾ ਅਹੁਦਾ ਨਹੀਂ ਦੇਣਾ ਚਾਹੁੰਦੀ। ਸੂਤਰਾਂ ਨੇ ਦਾਅਵਾ ਕੀਤਾ ਕਿ ਪੀਪੀਪੀ ਨਾਲ ਗੱਲਬਾਤ ਨਾਕਾਮ ਰਹਿਣ ਦੀ ਸਥਿਤੀ ਵਿੱਚ ਨਵਾਜ਼ ਦੀ ਪਾਰਟੀ ਐੱਮਕਿਊਐੱਮ, ਜੇਯੂਆਈ-ਐੱਫ ਤੇ ਆਜ਼ਾਦ ਉਮੀਦਵਾਰਾਂ ਸਣੇ ਹੋਰਨਾਂ ਛੋਟੀਆਂ ਪਾਰਟੀਆਂ ਨਾਲ ਮਿਲ ਕੇ ਗੱਠਜੋੜ ਸਰਕਾਰ ਬਣਾ ਸਕਦੀ ਹੈ। ਸੂਤਰਾਂ ਨੇ ਦਾਅਵਾ ਕੀਤਾ ਕਿ ਅਜਿਹੀ ਸਥਿਤੀ ਵਿੱਚ ਪੀਐੱਮਐੱਲ-ਐੱਨ ਸ਼ਾਹਬਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਤੇ ਮਰੀਅਮ ਸ਼ਰੀਫ਼ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਸਕਦੀ ਹੈ। ਸੂਤਰਾਂ ਨੇ ਕਿਹਾ, ‘‘ਫੌਜ ਦੇ ਬੇਹੱਦ ਕਰੀਬ ਹੋਣ ਕਰਕੇ ਸ਼ਾਹਬਾਜ਼ ਸ਼ਰੀਫ਼ ਪੀਐੱਮ ਦਫ਼ਤਰ ਲਈ ਪਸੰਦੀਦਾ ਉਮੀਦਵਾਰ ਹਨ ਤੇ ਪੀਐੱਮਐੱਲ-ਐੱਨ ਕੋਲ ਪੀਪੀਪੀ ਨਾਲੋਂ ਵਧੇਰੇ ਸੀਟਾਂ ਹਨ।

ਉਧਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਆਗੂ ਗੌਹਰ ਖਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਸਰਕਾਰ ਬਣਾਏਗੀ, ਪਰ ਸਮੀਖਿਅਕਾਂ ਦਾ ਮੰਨਣਾ ਹੈ ਕਿ ਅਜਿਹਾ ਸੰਭਵ ਨਹੀਂ ਹੈ। -ਪੀਟੀਆਈ

ਸੰਵਾਦ ਲਈ ਪੀਪੀਪੀ ਦੇ ਦਰ ਹਰੇਕ ਪਾਰਟੀ ਲਈ ਖੁੱਲ੍ਹੇ: ਬਿਲਾਵਲ

ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਕੇਂਦਰ, ਪੰਜਾਬ ਜਾਂ ਬਲੋਚਿਸਤਾਨ ਵਿਚ ਉਨ੍ਹਾਂ ਦੀ ਪਾਰਟੀ (ਪੀਪੀਪੀ) ਦੀ ਹਮਾਇਤ ਤੋਂ ਬਿਨਾਂ ਕੋਈ ਵੀ ਸਰਕਾਰ ਨਹੀਂ ਬਣਾ ਸਕਦਾ ਅਤੇ ਸੰਵਾਦ ਲਈ ਪੀਪੀਪੀ ਦੇ ਦਰ ਹਰੇਕ ਸਿਆਸੀ ਪਾਰਟੀ ਲਈ ਖੁੱਲ੍ਹੇ ਹਨ ਕਿਉਂਕਿ ਸਿਆਸੀ ਸਥਿਰਤਾ ਲਈ ਸੁੱਲ੍ਹਾ-ਸਫਾਈ ਅਹਿਮ ਹੈ।

ਪਾਕਿਸਤਾਨ ਦੀਆਂ ਅਦਾਲਤਾਂ ’ਚ ਆਇਆ ਪਟੀਸ਼ਨਾਂ ਦਾ ਹੜ੍ਹ

ਇਸਲਾਮਾਬਾਦ: ਚੋਣ ਹਾਰਨ ਵਾਲੇ ਪੀਟੀਆਈ ਦੀ ਹਮਾਇਤ ਵਾਲੇ ਆਜ਼ਾਦ ਉਮੀਦਵਾਰਾਂ ਨੇ ਪਾਕਿਸਤਾਨ ਦੀਆਂ ਵੱਖ ਵੱਖ ਕੋਰਟਾਂ ਵਿਚ ਪਟੀਸ਼ਨਾਂ ਦਾਖਲ ਕਰ ਕੇ ਆਪੋ-ਆਪਣੇ ਹਲਕਿਆਂ ਦੇ ਚੋਣ ਨਤੀਜਿਆਂ ਨੂੰ ਚੁਣੌਤੀ ਦਿੱਤੀ ਹੈ। ਪੀਟੀਆਈ ਨੇ ਦਾਅਵਾ ਕੀਤਾ ਕਿ ਉਸ ਦੀ ਹਮਾਇਤ ਵਾਲੇ ਬਹੁਤੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਸੀ, ਪਰ ਬਹੁਮਤ ਤੋਂ ਦੂਰ ਰੱਖਣ ਲਈ ਚੋਣ ਨਤੀਜਿਆਂ ਵਿਚ ਕਥਿਤ ਹੇਰਾਫੇਰੀ ਕੀਤੀ ਕਈ। ‘ਡਾਅਨ’ ਦੀ ਰਿਪੋਰਟ ਮੁਤਾਬਕ ਨਤੀਜਿਆਂ ਨੂੰ ਚੁਣੌਤੀ ਦੇਣ ਵਾਲੇ ਬਹੁਤੇ ਪੀਟੀਆਈ ਹਮਾਇਤੀ ਆਜ਼ਾਦ ਉਮੀਦਵਾਰ ਹਨ।

ਨਾਗਰਿਕਾਂ ਨੇ ਉੱਚੀ ਆਵਾਜ਼ ’ਚ ਆਪਣੀ ਮਰਜ਼ੀ ਦੱਸੀ: ਅਲਵੀ

ਇਸਲਾਮਾਬਾਦ: ਪਾਕਿਸਤਾਨ ਦੇ ਰਾਸ਼ਟਰਪਤੀ ਡਾ.ਆਰਿਫ਼ ਅਲਵੀ ਨੇ ਕਿਹਾ ਕਿ ਵੋਟਰਾਂ ਖਾਸ ਕਰਕੇ ਮਹਿਲਾਵਾਂ ਤੇ ਨੌਜਵਾਨਾਂ ਨੇ ਆਮ ਚੋਣਾਂ ਵਿਚ ‘‘ਨਾ ਸਿਰਫ਼ ਬੋਲ ਕੇ ਬਲਕਿ ਉੱਚੀ ਆਵਾਜ਼ ਆਪਣੀ ਇੱਛਾ ਤੇ ਮਰਜ਼ੀ ਦੱਸ ਦਿੱਤੀ ਹੈ।’’ ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਨਾਗਰਿਕਾਂ ਵੱਲੋਂ ਦਿੱਤੇ ਵੱਡੇ ਫ਼ਤਵੇ ਦਾ ‘ਸਤਿਕਾਰ’ ਤੇ ਇਸ ਨੂੰ ‘ਸਵੀਕਾਰ’ ਕਰਨ।

Source link