ਮਹਿੰਦਰ ਸਿੰਘ ਰੱਤੀਆਂ

ਮੋਗਾ, 25 ਨਵੰਬਰ

ਆਸਟਰੇਲੀਆ ਪੁਲੀਸ ਨੇ ਅੱਜ ਇਕ ਟਵੀਟ ਰਾਹੀਂ ਦੱਸਿਆ ਕਿ 2018 ਵਿੱਚ ਕੁਇਨਜ਼ਲੈਂਡ ਬੀਚ ’ਤੇ 24 ਸਾਲਾ ਤੋਯਾ ਕੋਰਡਿੰਗਲੇਅ ਨਾਮ ਦੀ ਇੱਕ ਮਹਿਲਾ ਦੀ ਹੱਤਿਆ ਕਰਨ ਵਾਲੇ ਪਰਵਾਸੀ ਪੰਜਾਬੀ ਨੂੰ ਦਿੱਲੀ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਆਸਟਰੇਲੀਆ ਪੁਲੀਸ ਨੇ ਮੁਲਜ਼ਮ ਦੀ ਸੂਹ ਦੇਣ ਵਾਲੇ ’ਤੇ 5.3 ਕਰੋੜ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਆਸਟਰੇਲੀਆ ਪੁਲੀਸ ਨੇ ਕਿਹਾ ਕਿ ਰਾਜਵਿੰਦਰ ਸਿੰਘ ਦੀ ਹਵਾਲਗੀ ਅਦਾਲਤ ਵਿੱਚ ਸੁਣਵਾਈ ਤੋਂ ਬਾਅਦ ਜਲਦੀ ਹੀ ਹੋਵੇਗੀ। ਉਸ ਨੂੰ ਆਸਟਰੇਲੀਆ ਵਾਪਸ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਉਸ ਨੂੰ ਦਿੱਲੀ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਆਸਟਰੇਲੀਆ ਪੁਲੀਸ ਨੇ 3 ਨਵੰਬਰ ਨੂੰ ਇਨਿਸਫੇਲ ਵਿੱਚ ਨਰਸ ਵਜੋਂ ਕੰਮ ਕਰਨ ਵਾਲੇ ਕਥਿਤ ਮੁਲਜ਼ਮ ਰਾਜਵਿੰਦਰ ਸਿੰਘ (38) ਬਾਰੇ ਜਾਣਕਾਰੀ ਦੇਣ ਲਈ ਰਿਕਾਰਡ ਇਕ ਮਿਲੀਅਨ ਡਾਲਰ (5.31 ਕਰੋੜ ਰੁਪਏ) ਦਾ ਇਨਾਮ ਰੱਖਿਆ ਸੀ। ਮੁਲਜ਼ਮ ’ਤੇ ਦੋਸ਼ ਹਨ ਕਿ ਉਹ ਤੋਯਾ ਕੋਰਡਿੰਗਲੇਅ ਦੀ ਹੱਤਿਆ ਕਰਨ ਤੋਂ ਬਾਅਦ ਭਾਰਤ ਭੱਜ ਆਇਆ ਸੀ। ਉਸ ਦੀਆਂ ਤਸਵੀਰਾਂ ਪੁਲੀਸ ਵੱਲੋਂ ਜਾਰੀ ਕੀਤੀਆਂ ਗਈਆਂ ਸਨ ਜਦੋਂ ਉਹ 23 ਅਕਤੂਬਰ, 2018 ਨੂੰ ਉਹ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਛੱਡ ਕੇ ਭਾਰਤ ਭੱਜ ਆਇਆ ਸੀ। ਪੁਲੀਸ ਮੁਤਾਬਕ ਆਸਟਰੇਲਿਆ ਰਹਿੰਦੇ ਉਸ ਦੇ ਪਰਿਵਾਰ  ਨੇ ਕਿਹਾ ਸੀ ਕਿ ਰਾਜਵਿੰਦਰ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਿਆ ਸੀ ਅਤੇ ਕੰਮ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਮਾਨਸਿਕ ਪ੍ਰੇਸ਼ਾਨੀ ਵਿੱਚ ਸੀ। ਪੁਲੀਸ ਨੂੰ ਸ਼ੱਕ ਹੈ ਕਿ ਉਸ ਨੇ ਪਾਸਪੋਰਟ ਅਤੇ ਵੀਜ਼ਾ ਲੈਣ ਲਈ ਕਥਿਤ ਤੌਰ ’ਤੇ ਜਾਅਲੀ ਪਤੇ ਦੀ ਵਰਤੋਂ ਕੀਤੀ ਹੋ ਸਕਦੀ ਹੈ।

Source link