ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜਨਵਰੀ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਕਿ ਸੂਬੇ ਦੀ ‘ਆਪ’ ਤੇ ਕੇਂਦਰ ਦੀ ਭਾਜਪਾ ਸਰਕਾਰਾਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਲੰਬੇ ਸਮੇਂ ਤੋਂ ਉਦਾਸੀਨ ਰਵੱਈਆ ਅਪਨਾਏ ਜਾਣ ਕਾਰਨ ਕਿਸਾਨ ਯੂਨੀਅਨਾਂ ਨੇ ਪੰਜਾਬ ਦੇ ਟੌਲ ਪਲਾਜ਼ੇ ਬੰਦ ਕੀਤੇ ਹਨ। ਬਾਜਵਾ ਨੇ ਦੋਵੇਂ ਸਰਕਾਰਾਂ ਨੂੰ ਮੁੜ ਵਿਚਾਰ ਕਰਨ ਅਤੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਵੱਲ ਧਿਆਨ ਦੇਣ ਦੀ ਨਸੀਹਤ ਦਿੱਤੀ। ਉਨ੍ਹਾਂ ਇਹ ਗੱਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਬੰਦ ਕੀਤੇ ਟੌਲ ਪਲਾਜ਼ਿਆਂ ਬਾਰੇ ਸਥਿਤੀ ਤੇ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਕਹੀ। ਉਨ੍ਹਾਂ ਕਿਹਾ ਕਿ ‘ਆਪ’ ਕੋਲ ਸਾਸ਼ਨ ਕਰਨ ਦਾ ਤਜਰਬਾ ਨਾ ਹੋਣ ਕਾਰਨ ਪੰਜਾਬ ਧਰਨਿਆਂ ਦੀ ਧਰਤੀ ਬਣ ਗਿਆ ਹੈ ਤੇ ਕਿਸਾਨ, ਸਿੱਖ ਜਥੇਬੰਦੀਆਂ, ਮਜ਼ਦੂਰ, ਜਲੰਧਰ ਦੇ ਲਤੀਫਪੁਰਾ ਇਲਾਕੇ ਦੇ ਵਸਨੀਕ ਤੇ ਜ਼ੀਰਾ ਵਿੱਚ ਸ਼ਰਾਬ ਦੀ ਫ਼ੈਕਟਰੀ ਖ਼ਿਲਾਫ਼ ਪਿੰਡ ਵਾਸੀ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ।

Source link