ਨਦੀਨ ਕ੍ਰੀਸਬਰਜਰ

ਨਦੀਨ ਕ੍ਰੀਸਬਰਜਰ

ਆਧੁਨਿਕ ਭਾਰਤ ਦੇ ਇਤਿਹਾਸ ਬਾਰੇ ‘ਇੰਡੀਆ ਆਫ਼ਟਰ ਗਾਂਧੀ’ ਵਰਗੀ ਜਾਣਕਾਰੀ ਭਰਪੂਰ ਅਤੇ ਰੋਚਕ ਕਿਤਾਬ ਦਾ ਲੇਖਕ 63 ਸਾਲਾ ਰਾਮਚੰਦਰ ਗੁਹਾ ਇਤਿਹਾਸ ਦੇ ਨਾਲ ਨਾਲ ਸਮਾਜ-ਸ਼ਾਸਤਰ, ਰਾਜਨੀਤੀ, ਵਾਤਾਵਰਣ ਅਤੇ ਕ੍ਰਿਕਟ ਵਿਚ ਵੀ ਡੂੰਘੀ ਰੁਚੀ ਰੱਖਦਾ ਹੈ। ਇਨ੍ਹਾਂ ਸਾਰੇ ਵਿਸ਼ਿਆਂ ਬਾਰੇ ਉਹ ਹੁਣ ਤੀਕ ਤਿੰਨ ਦਰਜਨ ਤੋਂ ਵੱਧ ਕਿਤਾਬਾਂ ਲਿਖ ਚੁੱਕਾ ਹੈ ਜਿਨ੍ਹਾਂ ਵਿਚੋਂ ਕਈਆਂ ਦਾ ਅਨੁਵਾਦ ਹਿੰਦੀ, ਤਾਮਿਲ, ਬੰਗਲਾ ਆਦਿ ਭਾਸ਼ਾਵਾਂ ਵਿਚ ਵੀ ਹੋ ਚੁੱਕਾ ਹੈ। ਉਹ ਜਨਤਕ ਬੁੱਧੀਜੀਵੀ ਵੀ ਹੈ ਅਤੇ ਸਮੇਂ ਸਮੇਂ ਗੰਭੀਰ ਸਮਕਾਲੀ ਵਿਸ਼ਿਆਂ ਬਾਰੇ ਅਖ਼ਬਾਰਾਂ ਅਤੇ ਰਸਾਲਿਆਂ ਲਈ ਕਾਲਮ ਵੀ ਲਿਖਦਾ ਰਹਿੰਦਾ ਹੈ। ਉਸ ਦੀਆਂ ਲਿਖਤਾਂ ਦਾ ਪੰਜਾਬੀ ਤਰਜਮਾ ‘ਪੰਜਾਬੀ ਟ੍ਰਿਬਿਊਨ’ ਵਿਚ ਛਪਣ ਬਾਰੇ ਤਾਂ ਪਾਠਕ ਜਾਣੂ ਹੀ ਹਨ।

ਗੁਹਾ ਦਿੱਲੀ ਸਕੂਲ ਆੱਵ ਇਕਨਾਮਿਕਸ ਤੋਂ ਅਰਥ-ਸ਼ਾਸਤਰ ਵਿਚ ਐੱਮ.ਏ. ਅਤੇ ਇੰਡੀਅਨ ਇੰਸਟੀਚਊਟ ਆੱਵ ਮੈਨੇਜਮੈਂਟ, ਕਲਕੱਤਾ, ਦਾ ਪੀਐੱਚ.ਡੀ. ਹੈ। ਪਰ ਬ੍ਰਿਟਿਸ਼-ਭਾਰਤੀ ਮਾਨਵ-ਵਿਗਿਆਨੀ ਵੈਰੀਅਰ ਐਲਵਿਨ (1902-1964) ਤੋਂ ਪ੍ਰਭਾਵਿਤ ਹੋ ਕੇ ਮਾਨਵ-ਵਿਗਿਆਨ ਅਤੇ ਇਤਿਹਾਸ ਵੱਲ ਮੁੜ ਗਿਆ। ਐਲਵਿਨ ਨੇ ਭਾਰਤੀ ਗੌਂਡ ਕਬੀਲੇ ਵਿਚ ਰਹਿ ਕੇ ਉਨ੍ਹਾਂ ਬਾਰੇ ਲਗਭਗ ਤਿੰਨ ਦਰਜਨ ਕਿਤਾਬਾਂ ਲਿਖੀਆਂ ਸਨ (ਉਸ ਨੇ ਆਪਣੇ ਦੋਵੇਂ ਵਿਆਹ ਵੀ ਇਸੇ ਕਬੀਲੇ ਦੀਆਂ ਸਾਧਾਰਨ ਕੁੜੀਆਂ ਨਾਲ ਕਰਵਾਏ ਸਨ)। ਇਤਿਹਾਸ-ਲੇਖਨ ਵਿਚ ਗੁਹਾ ਦੇ ਯੋਗਦਾਨ ਲਈ ਅਮਰੀਕਨ ਹਿਸਟੋਰੀਕਲ ਐਸੋਸੀਏਸ਼ਨ (ਵਾਸ਼ਿੰਗਟਨ) ਨੇ 2019 ਵਿਚ ਉਸ ਨੂੰ ‘ਆਨਰੇਰੀ ਵਿਦੇਸ਼ੀ ਮੈਂਬਰ’ ਦੇ ਸਨਮਾਨ ਨਾਲ ਨਿਵਾਜ਼ਿਆ ਹੈ। ਉਸ ਤੋਂ ਪਹਿਲਾਂ ਇਹ ਸਨਮਾਨ ਸਿਰਫ਼ ਦੋ ਭਾਰਤੀ ਇਤਿਹਾਸਕਾਰਾਂ- ਜਾਦੂਨਾਥ ਸਰਕਾਰ (1952) ਅਤੇ ਰੋਮਿਲਾ ਥਾਪਰ (2009) – ਨੂੰ ਮਿਲਿਆ ਹੈ।

ਦਹਾਕਾ ਕੁ ਪਹਿਲਾਂ ਫਰਾਂਸੀਸੀ ਕਾਲਮਨਵੀਸ ਨਦੀਨ ਕ੍ਰੀਸਬਰਜਰ ਨੇ ਵੀਹਵੀਂ ਸਦੀ ਦੇ ਸ਼੍ਰੋਮਣੀ ਫਰਾਂਸੀਸੀ ਨਾਵਲਕਾਰ ਮਾ’ਸੇਲ ਪ੍ਰੂਸਟ (Marcel Proust; 1871-1922) ਦੇ ਨਾਂ ’ਤੇ ਸ਼ੁਰੂ ਕੀਤੇ ਆਪਣੇ ਕਾਲਮ ‘ਦਿ ਪ੍ਰੂਸਟ ਕਵਸਚਨੇਅਰ’ (the Proust Questionnaire) ਲਈ ਵੱਖ-ਵੱਖ ਖੇਤਰਾਂ ਵਿਚ ਕੰਮ ਕਰ ਰਹੇ ਸੈਂਕੜੇ ਬੁੱਧੀਜੀਵੀਆਂ ਨੂੰ ਕੁਝ ਸਵਾਲ ਪਾਏ ਸਨ। ਇਨ੍ਹਾਂ ਬੁੱਧੀਜੀਵੀਆਂ ਵਿਚ ਰਾਮਚੰਦਰ ਗੁਹਾ ਵੀ ਸ਼ਾਮਿਲ ਸੀ। ਨਦੀਨ ਦੇ ਸਵਾਲਾਂ ਦੇ ਗੁਹਾ ਵੱਲੋਂ ਦਿੱਤੇ ਜਵਾਬ ਉਸ ਦੀਆਂ ਲਿਖਤਾਂ ਵਾਂਙ ਹੀ ਸਰਲ ਅਤੇ ਸਪਸ਼ਟ ਹਨ।

* ਤੁਹਾਡੇ ਲਈ ਲਫ਼ਜ਼ ‘ਅਧਿਆਤਮਿਕਤਾ’ ਦਾ ਕੀ ਅਰਥ ਹੈ?

– ਕੁਝ ਵੀ ਨਹੀਂ।

* ਭਾਰਤ ਵਿਚ ਤਾਂ ਹਰ ਬੰਦਾ ਇਹ ਲਫ਼ਜ਼ ਵਰਤਦਾ ਹੈ…

– ਮੈਂ ਨਹੀਂ ਵਰਤਦਾ, ਇਹ ਭਾਰਤੀ ਬੰਦਾ ਨਹੀਂ ਵਰਤਦਾ! ਨਾ ਹੀ ਮੈਂ ਇਹ ਲਫ਼ਜ਼ ਆਪਣੀ ਕਿਸੇ ਲਿਖਤ ਵਿਚ ਵਰਤਿਆ ਹੈ। ਮੈਂ ਸਮਾਜ-ਵਿਗਿਆਨੀ ਹਾਂ, ਦਾਰਸ਼ਨਿਕ ਨਹੀਂ। ਇਸ ਲਈ ਮੈਂ ਧਰਮ ਅਤੇ ਵਿਸ਼ਵਾਸ਼ ਨੂੰ ਤਾਂ ਸਮਝ ਸਕਦਾ ਹਾਂ, ਪਰ ਮੇਰੇ ਲਈ ‘ਅਧਿਆਤਮਿਕਤਾ’ ਬਿਲਕੁਲ ਅਰਥਹੀਣ ਅਤੇ ਫ਼ਜ਼ੂਲ ਸ਼ਬਦ ਹੈ। ਇਸਨੂੰ ਅੰਗਰੇਜ਼ੀ ਵਿਚੋਂ ਖ਼ਾਰਿਜ ਕਰ ਦੇਣਾ ਚਾਹੀਦਾ ਹੈ।

* ਜਦ ਤੁਸੀਂ ਆਪਣੇ ਜੀਵਨ ’ਤੇ ਝਾਤੀ ਮਾਰਦੇ ਹੋ, ਤੁਹਾਨੂੰ ਕਿਹੋ ਜਿਹਾ ਲੱਗਦਾ ਹੈ?

– ਮੈਂ ਆਪਣੇ ਜੀਵਨ ਨੂੰ ਇਸ ਤਰ੍ਹਾਂ ਨਹੀਂ ਵੇਖਦਾ। ਮੇਰੀ ਜ਼ਿੰਦਗੀ ਮਾਮੂਲੀ ਹੈ। ਮੈਂ ਇੱਕ ਛੋਟੀ ਜਿਹੀ ਹਸਤੀ ਹਾਂ। ਮੈਨੂੰ ਆਪਣੇ ਜੀਵਨ ਜਾਂ ‘ਅਧਿਆਤਮਿਕ ਯਾਤਰਾ’ ਬਾਰੇ ਜਨੂੰਨ ਨਹੀਂ ਹੈ। ਮੈਂ ਉਸ ਸਮਾਜ ਬਾਰੇ ਜਾਨਣ ਲਈ ਉਤਸੁਕ ਹਾਂ ਜਿਸ ਵਿਚ ਮੈਂ ਰਹਿੰਦਾ ਹਾਂ। ਮੇਰਾ ਜੀਵਨ ਬਹੁਤ ਅਪ੍ਰਸੰਗਿਕ ਚੀਜ਼ ਹੈ। ਇਸ ਦਾ ਕੋਈ ਮਹੱਤਵ ਨਹੀਂ ਹੈ।

* ਜਿਸ ਸਮਾਜ ਵਿਚ ਤੁਸੀਂ ਰਹਿ ਰਹੇ ਹੋ, ਕੀ ਉਸ ਬਾਰੇ ਜਿਗਿਆਸਾ ਨੇ ਤੁਹਾਨੂੰ ਸਮਾਜ-ਵਿਗਿਆਨੀ ਅਤੇ ਇਤਿਹਾਸਕਾਰ ਬਣਨ ਲਈ ਪ੍ਰੇਰਿਆ?

– ਅਜਿਹਾ ਕੁਝ ਵਾਪਰਦਾ ਹੈ, ਪਰ ਅਸੀਂ ਨਹੀਂ ਜਾਣਦੇ ਕਿ ਇਹ ਕਿੰਜ ਵਾਪਰਦਾ ਹੈ। ਮੇਰੇ ਲਈ ਇਹ ਮੌਕਾ-ਮੇਲ ਸੀ। ਬਚਪਨ ਵਿਚ ਮੇਰਾ ਸੁਫ਼ਨਾ ਭਾਰਤ ਦੇ ਅਨੇਕਾਂ ਹੋਰ ਮੁੰਡਿਆਂ ਵਾਂਙ ਪ੍ਰਸਿੱਧ ਕ੍ਰਿਕਟ ਖਿਡਾਰੀ ਬਣਨ ਦਾ ਸੀ। ਪਰ ਮੈਂ ਅਰਥ ਸ਼ਾਸਤਰ ਦਾ ਅਧਿਐਨ ਕਰਨ ਵੱਲ ਚਲਾ ਗਿਆ ਜਿਸ ਵਿਚ ਮੈਂ ਬਹੁਤਾ ਹੁਸ਼ਿਆਰ ਨਹੀਂ ਸੀ। ਇਤਫ਼ਾਕਨ, ਮੇਰਾ ਵਾਹ ਕਮਾਲ ਦੇ ਬ੍ਰਿਟਿਸ਼-ਭਾਰਤੀ ਮਾਨਵ-ਵਿਗਿਆਨੀ ਵੈਰੀਅਰ ਐਲਵਿਨ (1902-1964) ਦੇ ਕੰਮ ਨਾਲ ਪਿਆ। ਉਹ ਭਾਰਤ ਦੇ ਆਦਿਵਾਸੀ ਲੋਕਾਂ ਨਾਲ ਰਹਿੰਦਾ ਰਿਹਾ ਸੀ। ਮੈਨੂੰ ਉਸ ਵਿਚ ਰੁਚੀ ਹੋ ਗਈ। ਮਾਨਵ ਵਿਗਿਆਨ, ਅਰਥ ਸ਼ਾਸਤਰ ਨਾਲੋਂ ਵਧੇਰੇ ਮਾਨਵਵਾਦੀ ਵਿਸ਼ਾ ਹੈ ਕਿਉਂਕਿ ਇਸ ਦਾ ਸਬੰਧ ਲੋਕਾਂ ਦੇ ਸਭਿਆਚਾਰ, ਉਨ੍ਹਾਂ ਦੇ ਟਕਰਾਅ ਆਦਿ ਨਾਲ ਹੁੰਦਾ ਹੈ। ਇਸ ਲਈ ਮੈਂ ਇੱਧਰ ਨੂੰ ਤੁਰ ਪਿਆ। ਬਸ ਇਹ ਸਮਝੋ ਕਿ ਇਹ ਮੈਨੂੰ ਅਚਾਨਕ ਮਿਲ ਗਿਆ।

* ਜਦੋਂ ਤੁਸੀਂ ਲਿਖਣ ਲਈ ਵਿਸ਼ਿਆਂ ਦੀ ਚੋਣ ਕਰਦੇ ਹੋ ਤਾਂ ਇਸ ਦੇ ਪਾਠਕਾਂ ’ਤੇ ਆਪਣੀ ਲਿਖਤ ਦੇ ਪ੍ਰਭਾਵ ਬਾਰੇ ਵੀ ਸੋਚਦੇ ਹੋ?

– ਮੈਂ ਕੁਝ ਵਿਸ਼ਿਆਂ ਬਾਰੇ ਉਤਸੁਕ ਹਾਂ, ਇਸ ਲਈ ਮੈਂ ਕੁਝ ਖੋਜ ਕਰਦਾ ਹਾਂ, ਅਤੇ ਉਨ੍ਹਾਂ ਬਾਰੇ ਲਿਖਦਾ ਹਾਂ। ਮੈਂ ਇਨ੍ਹਾਂ ਲਿਖਤਾਂ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਨਿਰਲੇਪ ਹਾਂ। ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਪਤਾ ਕਿ ਮੇਰੀ ਲਿਖਤ ਦਾ ਕੀ ਪ੍ਰਭਾਵ ਹੋ ਸਕਦਾ ਹੈ। ਪਰ ਮੈਂ ਲਿਖਣ ਦੌਰਾਨ ਕੁਝ ਗੱਲਾਂ ਦਾ ਧਿਆਨ ਰੱਖਣ ਦਾ ਯਤਨ ਕਰਦਾ ਹਾਂ।

ਪਹਿਲੀ ਗੱਲ, ਮੈਂ ਕੁਝ ਨਵਾਂ ਖੋਜਣ ਦੀ ਕੋਸ਼ਿਸ਼ ਕਰਦਾ ਹਾਂ। ਉਦਾਹਰਨ ਦੇ ਤੌਰ ’ਤੇ, ਇਤਿਹਾਸਕਾਰ ਹੋਣ ਨਾਤੇ ਮੈਂ ਨਵੀਂ ਸਮੱਗਰੀ ਲੱਭਣ ਦਾ ਯਤਨ ਕਰਦਾ ਹਾਂ, ਪੁਰਾਣੀਆਂ ਸਮੱਸਿਆਵਾਂ ’ਤੇ ਵੀ ਨਵੀਂ ਰੌਸ਼ਨੀ ਪਾਉਣ ਦੀ ਕੋਸ਼ਿਸ਼ ਕਰਦਾ ਹਾਂ।

ਦੂਜੀ ਗੱਲ ਇਹ ਹੈ ਕਿ ਮੇਰੀ ਲਿਖਤ ਵਿਚ ਸੰਚਾਰ ਯੋਗਤਾ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਇਸ ਨੂੰ ਪੜ੍ਹ ਅਤੇ ਸਮਝ ਸਕੇ। ਸਿਰਫ਼ ਵਿਦਵਾਨਾਂ ਲਈ ਵਿਸ਼ੇਸ਼ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਦਾ। ਮੈਂ ਆਪਣੇ ਵਰਗੇ ਆਮ ਪਾਠਕਾਂ ਲਈ ਹੀ ਲਿਖਦਾ ਹਾਂ।

ਤੀਜੀ ਗੱਲ, ਮੇਰੀਆਂ ਲਿਖਤਾਂ ਵਿਚ ਇਕ ਖ਼ਾਸ ਇਕਸਾਰਤਾ ਹੋਣੀ ਚਾਹੀਦੀ ਹੈ। ਮੈਨੂੰ ਵਗਦੀ ਹਵਾ ਦੇ ਰੁਖ਼ ਵੱਲ ਨਹੀਂ ਤੁਰ ਪੈਣਾ ਚਾਹੀਦਾ। ਮੈਂ ਠੋਕ ਕੇ ਲਿਖਦਾ ਹਾਂ। ਮੈਂ ਆਪਣੇ ਆਪ ਨੂੰ ਮੱਧਮ ਵਿਵਾਦਵਾਦੀ ਕਹਿੰਦਾ ਹਾਂ। ਮੇਰੇ ਵਿਚਾਰ ਅਸਲ ਵਿਚ ਮੱਧ-ਮਾਰਗੀ ਹਨ। ਆਮ ਤੌਰ ’ਤੇ, ਵਿਵਾਦਵਾਦੀ ਜਾਂ ਤਾਂ ਬਿਲਕੁਲ ਖੱਬੇ ਜਾਂ ਅਤਿ ਸੱਜੇ ਹੁੰਦੇ ਹਨ। ਮੈਂ ਉਦਾਰਵਾਦੀ ਹਾਂ, ਇਸ ਲਈ ਪੂਰੇ ਜ਼ੋਰ ਨਾਲ ਮੱਧ-ਮਾਰਗ ਦੇ ਪੱਖ ਵਿਚ ਖੜ੍ਹਦਾ ਹਾਂ। ਭਾਰਤ ਬਹੁਤ ਗੁੰਝਲਦਾਰ, ਬਹੁਤ ਵਿਸ਼ਾਲ ਅਤੇ ਬਹੁਤ ਵੰਨ-ਸੁਵੰਨਤਾ ਵਾਲਾ ਮੁਲਕ ਹੈ। ਇਸ ਨੂੰ ਸਹਿਣਸ਼ੀਲਤਾ ਅਤੇ ਸਮਝੌਤੇ ਦੀ ਲੋੜ ਹੈ। ਇਸ ਨੂੰ ਵਿਚਲੀ ਜ਼ਮੀਨ ਦੀ ਲੋੜ ਹੈ। ਇਸ ਨੂੰ ਸਿਰੇ ਦੇ ਹੱਲਾਂ ਦੀ ਜ਼ਰੂਰਤ ਨਹੀਂ। ਇਸ ਨੂੰ ਮਾਓਵਾਦੀਆਂ ਦੀ ਲੋੜ ਨਹੀਂ ਅਤੇ ਇਸ ਨੂੰ ਹਿੰਦੂਤਵ ਵਾਲਿਆਂ ਦੀ ਲੋੜ ਨਹੀਂ। ਇਸ ਲਈ ਮੈਂ ਮੱਧ-ਮਾਰਗ ਦੇ ਪੱਖ ਵਿਚ ਹਾਂ। ਇਹੋ ਮੇਰਾ ਸਿਆਸੀ ਜਾਂ ਸਮਾਜਿਕ ਫਲਸਫ਼ਾ ਹੈ।

ਕਿਸੇ ਲਿਖਤ ਦਾ ਪਾਠਕਾਂ ’ਤੇ ਕੀ ਪ੍ਰਭਾਵ ਹੋਵੇਗਾ, ਕੌਣ ਜਾਣ ਸਕਦਾ ਹੈ? ਇਸ ਦਾ ਅਨੁਮਾਨ ਪੂਰੀ ਤਰ੍ਹਾਂ ਨਾਲ ਨਹੀਂ ਲੱਗ ਸਕਦਾ। ਮੈਂ ਕੁਝ ਲੇਖਾਂ ਨੂੰ ਸ਼ਾਨਦਾਰ ਸਮਝ ਸਕਦਾ ਹਾਂ ਪਰ ਪਾਠਕਾਂ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਦੋਂਕਿ ਦੂਸਰੇ ਜੋ ਬਹੁਤ ਚੰਗੇ ਨਹੀਂ ਸਨ ਲੱਗਦੇ, ਉਨ੍ਹਾਂ ਨੇ ਪਾਠਕਾਂ ਨੂੰ ਪ੍ਰਭਾਵਿਤ ਕੀਤਾ ਹੁੰਦਾ ਹੈ। ਦਰਅਸਲ ਸਾਨੂੰ ਸ਼ਿਲਪਕਾਰ ਵਜੋਂ ਲਿਖਣਾ ਚਾਹੀਦਾ ਹੈ। ਚੰਗਾ, ਵਿਸਤ੍ਰਿਤ ਅਤੇ ਹੁਨਰਮੰਦ ਕੰਮ ਕਰੋ ਅਤੇ ਇਸ ਨੂੰ ਵਧੀਆ ਤਰ੍ਹਾਂ ਪੇਸ਼ ਕਰੋ। ਲੇਖਕ ਵਜੋਂ ਪੇਸ਼ਕਾਰੀ ਦੀ ਕਲਾ ਵੀ ਓਨੀ ਹੀ ਮਹੱਤਵਪੂਰਨ ਹੈ। ਤੁਸੀਂ ਲੇਖ, ਕਿਤਾਬ, ਬਿਰਤਾਂਤ ਕਿਵੇਂ ਤਿਆਰ ਕਰਦੇ ਹੋ, ਤੁਸੀਂ ਪਾਠਕਾਂ ਨੂੰ ਕਿਵੇਂ ਆਕਰਸ਼ਿਤ ਕਰਦੇ ਹੋ – ਇਹ ਗੱਲਾਂ ਵੱਧ ਮਹੱਤਵਪੂਰਨ ਹਨ।

* ਚੁਣੌਤੀਆਂ ਜਾਂ ਔਖੇ ਸਮਿਆਂ ਦਾ ਸਾਹਮਣਾ ਕਰਦੇ ਸਮੇਂ ਤੁਸੀਂ ਊਰਜਾ ਜਾਂ ਆਸਰਾ ਕਿੱਥੋਂ ਲੱਭਦੇ ਹੋ?

– ਮੇਰਾ ਖ਼ਿਆਲ ਹੈ ਕਿ ਮੈਨੂੰ ਪਰਿਵਾਰ ਅਤੇ ਦੋਸਤਾਂ ਵਿਚ ਤਸੱਲੀ ਮਿਲਦੀ ਹੈ। ਜਦੋਂ ਮੈਂ ਪਰੇਸ਼ਾਨ ਜਾਂ ਨਿਰਾਸ਼ ਹੁੰਦਾ ਹਾਂ, ਉਹ ਮੇਰੇ ਸਹਾਰੇ ਹੁੰਦੇ ਹਨ। ਭਾਰਤੀ ਸ਼ਾਸਤਰੀ ਸੰਗੀਤ ਸੁਣਨ ਸਮੇਂ ਮੈਂ ਆਪਣੇ ਆਪ ਨੂੰ ਆਪਣੇ ਸਭ ਤੋਂ ਨੇੜੇ ਸਮਝਦਾ ਹਾਂ। ਇਹ ਸੰਗੀਤ ਮੈਨੂੰ ਚਿੰਤਨਸ਼ੀਲ ਅਤੇ ਸੁਖਦਾਈ ਬਣਾਉਂਦਾ ਹੈ।

* ਜਦੋਂ ਤੁਹਾਡੇ ਨਾਲ ਕੁਝ ਵਾਪਰਦਾ ਹੈ ਤਾਂ ਤੁਸੀਂ ਇਸ ਨੂੰ ਇਕ ਵੱਡੇ ਸੰਯੋਗ ਦੇ ਰੂਪ ਵਿਚ ਦੇਖਦੇ ਹੋ ਜਾਂ ਸਿਰਫ਼ ਇਕ ਸੰਭਾਵਨਾ ਵਜੋਂ?

– ਸਾਡੇ ਨਾਲ ਹਰ ਤਰ੍ਹਾਂ ਦੀਆਂ ਅਜੀਬ ਚੀਜ਼ਾਂ ਅਤੇ ਇਤਫ਼ਾਕ ਵਾਪਰਦੇ ਹਨ। ਪਰ ਮੈਂ ਉਨ੍ਹਾਂ ਨੂੰ ਕਿਸੇ ਚਿੰਨ੍ਹ ਜਾਂ ਪ੍ਰਤੀਕ ਵਜੋਂ ਨਹੀਂ ਦੇਖਦਾ। ਮੈਂ ਇਨ੍ਹਾਂ ਬਾਰੇ ਸੋਚਦਾ ਹੀ ਨਹੀਂ।

* ਤੁਹਾਨੂੰ ਕਦੇ ਇੰਜ ਲੱਗਾ ਕਿ ਜੀਵਨ ਵਿਚ ਕੁਝ ਚੀਜ਼ਾਂ ਪੂਰਵ-ਨਿਰਧਾਰਤ ਹੋ ਸਕਦੀਆਂ ਹਨ?

– ਦੇਖੋ, ਇਹ ਹੋ ਵੀ ਸਕਦਾ ਹੈ। ਮੇਰੇ ਕੋਲ ਇਸ ਲਈ ਖੁੱਲ੍ਹੀ ਸੋਚ ਹੈ। ਮੈਂ ਨਾਸਤਿਕ ਨਹੀਂ ਹਾਂ, ਪਰ ਮੈਂ ਅੰਧ-ਵਿਸ਼ਵਾਸੀ ਵੀ ਨਹੀਂ ਹਾਂ। ਦਰਅਸਲ, ਮੈਂ ਰੋਜ਼ਮੱਰਾ ਦੇ ਜੀਵਨ, ਕੰਮ ਅਤੇ ਪਰਿਵਾਰ ਵਿਚ ਇੰਨਾ ਰੁੱਝਿਆ ਹੋਇਆ ਹਾਂ ਕਿ ਮੈਂ ਅਜਿਹੀਆਂ ਗੱਲਾਂ ’ਤੇ ਬਹੁਤਾ ਧਿਆਨ ਹੀ ਨਹੀਂ ਦਿੰਦਾ।

ਕਿਸਮਤ ਅਤੇ ਮੌਕਾ-ਮੇਲ ਵੀ ਵੱਡੀ ਭੂਮਿਕਾ ਨਿਭਾਉਂਦੇ ਹਨ। ਜ਼ਿੰਦਗੀ ਬੇਤੁਕੀ (absurd) ਵੀ ਹੋ ਸਕਦੀ ਹੈ ਅਤੇ ਅਜਿਹੀ ਸੰਭਾਵਨਾ ਹੈ ਵੀ। ਜਾਂ ਇਸ ਸਭ ਦਾ ਕੋਈ ਵੱਡਾ ਅਰਥ ਵੀ ਹੋ ਸਕਦਾ ਹੈ। ਪਰ ਮੇਰੇ ਕੋਲ ਬਹੁਤ ਜ਼ਿਆਦਾ ਦੁਨਿਆਵੀ ਅਤੇ ਸਾਧਾਰਨ ਬੁੱਧੀ ਹੈ।

* ‘ਖ਼ੁਸ਼ੀ’ ਬਾਰੇ ਤੁਹਾਡਾ ਕੀ ਵਿਚਾਰ ਹੈ?

– ਅਜਿਹੇ ਸਵਾਲ ਮੇਰੇ ਦਿਮਾਗ਼ ਵਿਚ ਆਉਂਦੇ ਹੀ ਨਹੀਂ। ਮੈਨੂੰ ਨਹੀਂ ਪਤਾ ਕਿ ‘ਖ਼ੁਸ਼ੀ’ ਦਾ ਕੀ ਅਰਥ ਹੈ। ਮੈਂ ਇਸ ਬਾਰੇ ਨਹੀਂ ਸੋਚਦਾ ਕਿਉਂਕਿ ਇਹ ਮੇਰੇ ਵੱਸ ਵਿਚ ਨਹੀਂ ਹੈ। ਮੈਂ ਆਪਣਾ ਕੰਮ ਕਰਦਾ ਹਾਂ ਅਤੇ ਪਿੱਛੇ ਹਟ ਜਾਂਦਾ ਹਾਂ – ਮੈਨੂੰ ਨਹੀਂ ਪਤਾ ਕਿ ਇਹ ‘ਖ਼ੁਸ਼ੀ’ ਹੈ ਜਾਂ ਸਮਾਂ ਗੁਜ਼ਾਰਨ ਦਾ ਢੰਗ।

– ਜਾਣਕਾਰੀ ਅਤੇ ਅਨੁਵਾਦ: ਸੁਭਾਸ਼ ਪਰਿਹਾਰ

ਸੰਪਰਕ: 98728-22417

Source link