ਪੱਤਰ ਪ੍ਰੇਰਕ
ਅੰਮ੍ਰਿਤਸਰ, 19 ਦਸੰਬਰ
ਖ਼ਾਲਸਾ ਕਾਲਜ ਦੇ ਮੈਦਾਨ ਵਿਖੇ ਖ਼ਾਲਸਾ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਵੱਲੋਂ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ‘ਛੇ ਰੋਜ਼ਾ ਅੰਤਰ-ਯੂਨੀਵਰਸਿਟੀ ਨਾਰਥ ਜ਼ੋਨ ਮਹਿਲਾ ਹਾਕੀ ਟੂਰਨਾਮੈਂਟ’ ਦਾ ਉਦਘਾਟਨ ਕਰਨ ਮੌਕੇ ਉਪ ਕੁਲਪਤੀ ਲੈਫ਼ਟੀਨੈਂਟ ਜਨਰਲ ਜੇ. ਐੱਸ. ਚੀਮਾ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਨੂੰ ਜ਼ਰੂਰ ਅਪਨਾਉਣਾ ਚਾਹੀਦਾ ਹੈ, ਕਿਉਂਕਿ ਖੇਡਾਂ ਜਿੱਥੇ ਸਰੀਰਿਕ ਤੰਦਰੁਸਤੀ ਲਈ ਲਾਹੇਵੰਦ ਹੁੰਦੀਆਂ ਹਨ, ਉਥੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਵੀ ਸਹਾਈ ਸਿੱਧ ਹੁੰਦੀਆਂ ਹਨ।
ਇਸ ਟੂਰਨਾਮੈਂਟ ’ਚ ਉੱਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਦੀਆਂ 28 ਟੀਮਾਂ ਭਾਗ ਲੈ ਰਹੀਆਂ ਹਨ। ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਨੇ ਉਪ ਕੁਲਪਤੀ ਡਾ. ਚੀਮਾ ਦੀ ਹਾਕੀ ਦੀਆਂ ਟੀਮਾਂ ਨਾਲ ਜਾਣ-ਪਛਾਣ ਕਰਵਾਈ। ਚੈਂਪੀਅਨਸ਼ਿਪ ਦਾ ਫ਼ਾਈਨਲ ਮੈਚ 24 ਦਸੰਬਰ ਨੂੰ ਖੇਡਿਆ ਜਾਵੇਗਾ। ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਇਸ ਯੂਨੀਵਰਸਿਟੀ ਦਾ ਪਹਿਲਾ ਅੰਤਰ ਟੂਰਨਾਮੈਂਟ ਕਰਵਾਉਣ ਦਾ ਸੁਭਾਗ ਕਾਲਜ ਨੂੰ ਪ੍ਰਾਪਤ ਹੋਇਆ ਹੈ ਅਤੇ ਇਸ ਮੁਕਾਬਲੇ ’ਚ ਜੰਮੂ, ਕਸ਼ਮੀਰ, ਸ਼ਿਮਲਾ, ਅਲੀਗੜ੍ਹ, ਕੁਰੂਕਸ਼ੇਤਰ, ਸਹਾਰਨਪੁਰ, ਅਯੁਧਿਆ, ਨੈਨੀਤਾਲ, ਸਿਰਸਾ, ਲੁਧਿਆਣਾ ਹਿਸਾਰ, ਚੰਡੀਗੜ੍ਹ, ਮੇਰਠ, ਬਰੇਲੀ, ਰੋਹਤਕ, ਭਿਵਾਨੀ ਆਦਿ ਸਮੇਤ 28 ਟੀਮਾਂ ਹਾਕੀ ਦਾ ਪ੍ਰਦਰਸ਼ਨ ਕਰਨਗੀਆਂ। ਉਨ੍ਹਾਂ ਕਿਹਾ ਕਿ ਅੱਜ ਪਹਿਲੇ ਦਿਨ ਦਾ ਮੈਚ ਦੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਅਤੇ ਕਮਾਊ ਯੂਨੀਵਰਸਿਟੀ, ਨੈਨੀਤਾਲ ਦਰਮਿਆਨ ਖੇਡਿਆ ਗਿਆ। ਇਸ ’ਚ 20-0 ਦੇ ਫ਼ਰਕ ਨਾਲ ਸਪੋਰਟਸ ਯੂਨੀਵਰਸਿਟੀ ਜੇਤੂ ਰਹੀ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਨੌਂ ਮੈਚ ਖੇਡੇ ਗਏ।