ਟ੍ਰਿਬਿਊਨ ਨਿਊਜ਼ ਸਰਵਿਸ  

ਚੰਡੀਗੜ੍ਹ, 14 ਦਸੰਬਰ 

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਨਕੋਦਰ ਵਿਚ ਕੱਪੜਾ ਵਪਾਰੀ ਦੇ ਕਤਲ ਕਾਂਡ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਮੁੱਖ ਸਾਜ਼ਿਸ਼ਕਰਤਾ ਦੀ ਪਛਾਣ ਕਰਨ ਅਤੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਖੁਲਾਸਾ ਕੀਤਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੌਰਵ ਯਾਦਵ ਨੇ ਦੱਸਿਆ ਕਿ ਇਸ ਕਤਲ ਕਾਂਡ ਦਾ ਮੁੱਖ ਸਰਗਨਾ ਅਮਰੀਕਾ ਸਥਿਤ ਅਮਨਦੀਪ ਪੁਰੇਵਾਲਾ ਉਰਫ ਅਮਨ ਹੈ, ਜੋ ਨਕੋਦਰ ਦਾ ਮੂਲ ਨਿਵਾਸੀ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਖੁਸ਼ਕਰਨ ਸਿੰਘ ਉਰਫ਼ ਫ਼ੌਜੀ ਵਾਸੀ ਪਿੰਡ ਨੰਗਲਾ ਜ਼ਿਲ੍ਹਾ ਬਠਿੰਡਾ, ਕਮਲਦੀਪ ਸਿੰਘ ਉਰਫ ਦੀਪ ਵਾਸੀ ਪਿੰਡ ਵੇਹਣ ਦੀਵਾਨ ਜ਼ਿਲ੍ਹਾ ਬਠਿੰਡਾ ਅਤੇ ਮੰਗਾ ਸਿੰਘ ਉਰਫ਼ ਗੀਤਾ ਉਰਫ ਬਿੱਛੂ ਵਾਸੀ ਜੱਸੀ ਪੌਅ ਵਾਲੀ ਬਠਿੰਡਾ ਵਜੋਂ ਹੋਈ ਹੈ। ਪੁਲੀਸ ਟੀਮਾਂ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਮੌਕੇ ਵਰਤਿਆ ਗਿਆ .30 ਬੋਰ ਦਾ ਪਿਸਤੌਲ ਅਤੇ ਰੇਕੀ ਕਰਨ ਲਈ ਵਰਤੀ ਗਈ ਸਫ਼ਾਰੀ ਗੱਡੀ ਵੀ ਬਰਾਮਦ ਕੀਤੀ ਹੈ। ਪੰਜਾਬ ਪੁਲੀਸ ਦੇ ਮੁਖੀ ਨੇ ਦੱਸਿਆ ਕਿ ਘਟਨਾ ਦੇ ਦੋ ਮੁੱਖ ਸਾਜਿਸ਼ਕਾਰਾਂ ਦੀ ਪਛਾਣ ਬਠਿੰਡਾ ਦੇ ਅਮਰੀਕ ਸਿੰਘ ਅਤੇ ਨਕੋਦਰ ਮਾਲੜੀ ਦੇ ਗੁਰਿੰਦਰ ਸਿੰਘ ਉਰਫ ਗਿੰਦਾ ਵਜੋਂ ਹੋਈ ਹੈ, ਜਿਨ੍ਹਾਂ ਨੇ ਅਮਨਦੀਪ ਪੁਰੇਵਾਲ ਦੇ ਨਿਰਦੇਸ਼ਾਂ ’ਤੇ ਰੇਕੀ ਕੀਤੀ ਅਤੇ ਸ਼ੂਟਰਾਂ ਸਮੇਤ ਹਥਿਆਰਾਂ ਦਾ ਪ੍ਰਬੰਧ ਕੀਤਾ। ਬਾਕੀ ਦੇ ਦੋ ਸ਼ੂਟਰਾਂ ਦੀ ਪਛਾਣ ਸਤਪਾਲ ਉਰਫ਼ ਸਾਜਨ ਅਤੇ ਠਾਕੁਰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਫਰਾਰ ਸ਼ੂਟਰਾਂ ਅਤੇ ਦੋਵਾਂ ਸਾਜਿਸ਼ਕਾਰਾਂ ਨੂੰ ਗ੍ਰਿਫ਼ਤਾਰੀ ਲਈ ਪੁਲੀਸ ਟੀਮਾਂ ਛਾਪੇ ਮਾਰ ਰਹੀਆਂ ਹਨ। ਡੀਜੀਪੀ ਨੇ ਦਾਅਵਾ ਕੀਤਾ ਕਿ ਇਸ ਘਟਨਾ ਦੇ ਮੁੱਖ ਸਰਗਨੇ ਅਮਨਦੀਪ ਪੁਰੇਵਾਲ ਨੇ ਸਰਹੱਦੀ ਸੂਬੇ ਵਿੱਚ ਦਹਿਸ਼ਤ ਪੈਦਾ ਕਰਨ ਲਈ ਨਵਾਂ ਗੈਂਗ ਸ਼ੁਰੂ ਕਰਨ ਦੇ ਇਰਾਦੇ ਨਾਲ ਟਿਮੀ ਚਾਵਲਾ ਨੂੰ ਆਪਣਾ ਪਹਿਲਾ ਨਿਸ਼ਾਨਾ ਬਣਾਇਆ ਹੈ ਅਤੇ ਅਮਰੀਕਾ ’ਚੋਂ ਉਸ ਨੂੰ ਫਿਰੌਤੀ ਲਈ ਫੋਨ ਕੀਤੇ। ਇਸ ਮਗਰੋਂ ਅਮਨਦੀਪ ਪੁਰੇਵਾਲ ਨੇ ਅਮਰੀਕ ਸਿੰਘ ਅਤੇ ਗੁਰਿੰਦਰ ਗਿੰਦਾ ਨਾਲ ਮਿਲ ਕੇ ਟਿਮੀ ਚਾਵਲਾ ਨੂੰ ਮਾਰਨ ਦੀ ਸਾਜਿਸ਼ ਰਚੀ ਅਤੇ ਪੰਜ ਸ਼ੂਟਰਾਂ ਦਾ ਪ੍ਰਬੰਧ ਕੀਤਾ। ਜ਼ਿਕਰਯੋਗ ਹੈ ਕਿ 7 ਦਸੰਬਰ ਦੀ ਰਾਤ 8.30 ਵਜੇ ਦੇ ਕਰੀਬ ਪੰਜ ਅਣਪਛਾਤੇ ਵਿਅਕਤੀਆਂ ਨੇ ਕੱਪੜਾ ਵਪਾਰੀ ਭੁਪਿੰਦਰ ਸਿੰਘ ਉਰਫ ਟਿਮੀ ਚਾਵਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਦ ਕਿ ਜ਼ਖ਼ਮੀ ਹੋਏ ਉਸ ਦੇ ਪੀਐੱਸਓ ਕਾਂਸਟੇਬਲ ਮਨਦੀਪ ਸਿੰਘ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਸੀ। 

ਬਾਕੀ ਮੁਲਜ਼ਮਾਂ ਦੀ ਭਾਲ ਜਾਰੀ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕੁਝ ਕੈਦੀਆਂ ਨੂੰ ਪੁੱਛ ਪੜਤਾਲ ਲਈ ਵੱਖ-ਵੱਖ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਅਤੇ ਸੀਸੀਟੀਵੀ ਫੁਟੇਜ ਅਤੇ ਮੋਬਾਈਲ ਡੇਟਾ ਦੇ ਵਿਸ਼ਲੇਸ਼ਣ ਨਾਲ ਤਕਨੀਕੀ ਜਾਂਚ ਕੀਤੀ, ਜਿਸ ਵਿੱਚ ਕੁਝ ਮਹੱਤਵਪੂਰਨ ਸੁਰਾਗ ਸਾਹਮਣੇ ਆਏ, ਜਿਨ੍ਹਾਂ ਸਦਕਾ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵਿੱਚ ਮਦਦ ਮਿਲੀ। 

ਵਿਦੇਸ਼ਾਂ ’ਚ ਖੁੱਲ੍ਹੇਆਮ ਘੁੰਮ ਰਹੇ ਨੇ ਕਾਤਲ

ਨਕੋਦਰ ’ਚ ਵਪਾਰੀ ਦੀ ਹੱਤਿਆ ਨਾਲ ਇਕ ਗੱਲ ਸਪੱਸ਼ਟ ਹੋ ਗਈ ਹੈ ਕਿ ਵਿਦੇਸ਼ਾਂ ’ਚ ਬੈਠੇ ਅਪਰਾਧੀਆਂ ਦਾ ਨੈੱਟਵਰਕ ਪੰਜਾਬ ਲਈ ਖ਼ਤਰਾ ਬਣਿਆ ਹੋਇਆ ਹੈ। ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮੁਲਜ਼ਮ ਗੋਲਡੀ ਬਰਾੜ ਨੂੰ ਲੈ ਕੇ ਭਾਵੇਂ ਵਿਵਾਦ ਚੱਲ ਰਿਹਾ ਹੈ ਪਰ ਸੰਦੀਪ ਨੰਗਲ ਅੰਬੀਆਂ ਕੇਸ ’ਚ ਨਾਮਜ਼ਦ ਤਿੰਨ ’ਚੋਂ ਦੋ ਵਿਅਕਤ ਵਿਦੇਸ਼ ’ਚ ਬੈਠੇ ਹਨ ਅਤੇ ਉਨ੍ਹਾਂ ਖ਼ਿਲਾਫ਼ ਅਜੇ ਕੋਈ ਕਾਰਵਾਈ ਨਹੀਂ ਹੋਈ ਹੈ। ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਨੌਰਥ ਇੰਡੀਆ ਸਰਕਲ ਸਟਾਈਲ ਕਬੱਡੀ ਐਸੋਸੀਏਸ਼ਨ ਦੇ ਚੇਅਰਮੈਨ ਸੁਰਜਨ ਸਿੰਘ ਚੱਠਾ, ਵਰਲਡ ਕਬੱਡੀ ਡੋਪਿੰਗ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਮਾਨ ਅਤੇ ਰਾਇਲ ਕਿੰਗਜ਼ ਕਬੱਡੀ ਕਲੱਬ ਦੇ ਮਾਲਕ ਸਰਬਜੀਤ ਸਿੰਘ ਥਿਆੜਾ ਨੂੰ ਨਾਮਜ਼ਦ ਕੀਤਾ ਗਿਆ ਹੈ। ਚੱਠਾ ਮੁਹਾਲੀ ’ਚ, ਮਾਨ ਕੈਨੇਡਾ ਅਤੇ ਥਿਆੜਾ ਅਮਰੀਕਾ ’ਚ ਰਹਿੰਦਾ ਹੈ। 

ਆਵਾਜ਼ ਦੇ ਨਮੂਨਿਆਂ ਤੋਂ ਖੁੱਲ੍ਹਿਆ ਭੇਤ

ਚੰਡੀਗੜ੍ਹ (ਟਨਸ): ਜਲੰਧਰ ਦਿਹਾਤੀ ਦੇ ਐੱਸਐੱਸਪੀ ਸਵਰਨਦੀਪ ਸਿੰਘ ਨੇ ਕਿਹਾ ਕਿ ਪੁਰੇਵਾਲ ਪਿਛਲੇ 10-12 ਸਾਲਾਂ ਤੋਂ ਅਮਰੀਕਾ ’ਚ ਰਹਿ ਰਿਹਾ ਹੈ ਅਤੇ ਉਸ ਨੇ ਫਿਰੌਤੀ ਦੀ ਯੋਜਨਾ ਬਣਾਈ ਸੀ। ਉਸ ਖ਼ਿਲਾਫ਼ ਪਹਿਲਾਂ ਕੋਈ ਐੱਫਆਈਆਰ ਦਰਜ ਨਹੀਂ ਹੈ। ਉਹ ਇਸ ਸਾਲ ਮਾਰਚ ’ਚ ਆਪਣੇ ਪਿੰਡ ਆਇਆ ਸੀ ਅਤੇ ਉਥੇ ਹੀ ਫਿਰੌਤੀ ਵਸੂਲਣ ਦੀ ਯੋਜਨਾ ਘੜੀ ਗਈ ਸੀ। ਪੁਰੇਵਾਲ ਅਤੇ ਗਿੰਦਾ ਇਕੋ ਪਿੰਡ ਮਾਲੜੀ ਨਾਲ ਸਬੰਧਤ ਹਨ। ਫੋਨ ’ਤੇ ਚਾਵਲਾ ਨੂੰ ਮਿਲੀ ਧਮਕੀ ਮਗਰੋਂ ਪੁਲੀਸ ਵੱਲੋਂ ਆਵਾਜ਼ ਦੇ ਅਧਿਐਨ ਨਾਲ ਪੁਰੇਵਾਲ ਦਾ ਭੇਤ ਖੁੁੱਲ੍ਹਿਆ। ਪੁਲੀਸ ਇਹ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹੋਰ ਕਿੰਨੇ ਲੋਕਾਂ ਨੂੰ ਫਿਰੌਤੀ ਲਈ ਕਾਲਾਂ ਕੀਤੀਆਂ ਗਈਆਂ ਹਨ।

Source link