ਸੰਜੀਵ ਬੱਬੀ
ਚਮਕੌਰ ਸਾਹਿਬ, 22 ਦਸੰਬਰ

ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦਿਆਂ ਸਮੇਤ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿੱਚ ਚੱਲ ਰਹੇ ਸ਼ਹੀਦੀ ਜੋੜ ਮੇਲ ਦੇ ਦੂਜੇ ਦਿਨ ਅੱਜ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਦੀਵਾਨ ਹਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਆਸੀ ਕਾਨਫਰੰਸ ਕੀਤੀ ਗਈ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚਲੀਆਂ ਕਮੀਆਂ ਦਾ ਪ੍ਰਮੁੱਖ ਤੌਰ ’ਤੇ ਜ਼ਿਕਰ ਕਰਦਿਆਂ ਪੰਥਕ ਲੀਡਰਸ਼ਿਪ ਨੂੰ ਇਕਜੁੱਟ ਹੋ ਕੇ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਪੰਥਕ ਸੰਸਥਾਵਾਂ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਹੋਂਦ ਨੂੰ ਬਚਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ। ਦੀਵਾਨ ਹਾਲ ਵਿੱਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਚਮਕੌਰ ਸਾਹਿਬ ਦੀ ਧਰਤੀ ਜਬਰ ਤੇ ਜ਼ੁਲਮ ਵਿਰੁੱਧ ਲੜਨ ਦੀ ਪ੍ਰੇਰਨਾ ਦਿੰਦੀ ਹੈ, ਜਿੱਥੋਂ ਸ਼ਕਤੀ ਹਾਸਿਲ ਕਰਕੇ ਸਿੱਖ ਕੌਮ ਨੇ ਦੇਸ਼-ਵਿਦੇਸ਼ ਵਿੱਚ ਜਿੱਤਾਂ ਦਰਜ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਪੰਥਕ ਸੋਚ, ਪੰਥਕ ਸਿਧਾਂਤਾ ਅਤੇ ਪੰਥਕ ਸੰਸਥਾਵਾਂ ਨੂੰ ਦੇਸ਼ ਦੇ ਹੁਕਮਰਾਨਾ ਨੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਮੁੱਚੀ ਕੌਮ ਨੇ ਇਕਜੁੱਟ ਹੋ ਕੇ ਅਜਿਹੀਆਂ ਸਾਜ਼ਿਸ਼ੀ ਚਾਲਾਂ ਦਾ ਡੱਟ ਕੇ ਮੁਕਾਬਲਾ ਕੀਤਾ। ਪ੍ਰੋ. ਚੰਦੂਮਾਜਰਾ ਨੇ ਦੇਸ਼ ਦੇ ਮੌਜੂਦਾ ਹਾਕਮਾਂ ਵੱਲੋਂ ਸਮੁੱਚੇ ਦੇਸ਼ ਵਾਸੀਆਂ ਲਈ ਯੂਨੀਫਾਰਮ ਸਿਵਿਲ ਕੋਡ ਬਣਾਉਣ ਦੀ ਨਿਖੇਧੀ ਕੀਤੀ। ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਨਾਲ ਕੀਤੇ ਵਾਅਦੇ ਪੂਰੇ ਕਰਦਿਆਂ ਜਦੋਂ ਪੰਥ ’ਤੇ ਭੀੜ ਪਈ ਤਾਂ ਉਨ੍ਹਾਂ ਆਪਣਾ ਸਭ ਕੁਝ ਵਾਰ ਦਿੱਤਾ। ਇਸ ਮੌਕੇ ਸਾਬਕਾ ਸੰਸਦ ਮੈਂਬਰ ਸਤਵਿੰਦਰ ਕੌਰ ਧਾਰੀਵਾਲ, ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਰਾਏ, ਜਥੇਦਾਰ ਜਗਜੀਤ ਸਿੰਘ ਰਤਨਗੜ੍ਹ, ਹਰਮੋਹਣ ਸਿੰਘ ਸੰਧੂ, ਜਥੇਦਾਰ ਅਜਮੇਰ ਸਿੰਘ ਖੇੜਾ, ਗੁਰਿੰਦਰ ਸਿੰਘ ਗੋਗੀ, ਬਲਦੇਵ ਸਿੰਘ ਹਾਫਿਜਾਬਾਦ, ਹਰਦੀਪ ਸਿੰਘ ਸੋਨੀ ਤੇ ਜਗਵਿੰਦਰ ਸਿੰਘ ਪੰਮੀ ਵੀ ਹਾਜ਼ਰ ਸਨ।

Source link